ਮੰਤਰੀ ਦੀ ਕੋਠੀ ਨੇੜੇ ਪੈਟਰੋਲ ਸਣੇ ਟੈਂਕੀ ’ਤੇ ਚੜ੍ਹੇ ਹੈਲਥ ਵਰਕਰ
ਇਥੇ ਅੱਜ ਹਾਲਾਤ ਉਸ ਵੇਲੇ ਚਿੰਤਾਜਨਕ ਬਣ ਗਏ ਜਦੋਂ ਨੌਕਰੀ ਲਈ ਉਮਰ ਹੱਦ ’ਚ ਛੋਟ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਆਗੂ ਮੱਖਣ ਸਿੰਘ ਚੀਮਾ ਮੰਡੀ ਅਤੇ ਹੀਰਾ ਲਾਲ ਅੰਮ੍ਰਿਤਸਰ ਆਤਮਦਾਹ ਲਈ ਪੈਟਰੋਲ ਦੀਆਂ ਭਰੀਆਂ ਬੋਤਲਾਂ ਨਾਲ਼ ਲੈਸ ਹੋ ਕੇ ਪਾਣੀ ਵਾਲ਼ੀ ਇੱਕ ਉੱਚੀ ਟੈਂਕੀ ’ਤੇ ਜਾ ਚੜ੍ਹੇ। ਇਹ ਟੈਂਕੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਕੋਲ਼ ਹੈ। ਇਸ ਦੌਰਾਨ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਤੇ ਐਂਬੂਲੈਂਸ ਅਤੇ ਫਾਇਰ ਬ੍ਰਿ੍ਗੇਡ ਆਦਿ ਪ੍ਰ੍ਰਬੰਧ ਵੀ ਕੀਤੇ ਗਏ ਪਰ ਇਹ ਵਰਕਰ ਦੇਰ ਰਾਤ ਤੱਕ ਵੀ ਹੇਠਾਂ ਨਾ ਆਏ। ਜ਼ਿਕਰਯੋਗ ਹੈ ਕਿ ਮੰਤਰੀ ਨਾਲ 21 ਲਈ ਮੀਟਿੰਗ ਮੁਕੱਰਰ ਹੋ ਚੁੱਕੀ ਹੈ। ਇਨ੍ਹਾਂ ਦੇ ਬਾਕੀ ਸਾਥੀਆਂ ਨੇ ਨਜ਼ਦੀਕ ਹੀ ਇੱਕ ਆਮ ਆਦਮੀ ਕਲੀਨਿਕ ਵਿਚ ਡੇਰੇ ਲਾ ਲਏ। ਦੋਵਾਂ ਆਗੂਆਂ ਨੇ ਮੰਗ ਮੰਨਣ ਦਾ ਐਲਾਨ ਨਾ ਕਰਨ ’ਤੇ ਦੋ ਵਾਰ ਧਮਕੀ ਦਿੱਤੀ ਪਰ ਫੇਰ ਅਧਿਕਾਰੀਆਂ ਨੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ ਸਿਹਤ ਮੰਤਰੀ ਦਰਮਿਆਨ 21 ਨਵੰਬਰ ਨੂੰ 11 ਵਜੇ ਲਈ ਮੀਟਿੰਗ ਮੁਕੱਰਰ ਕਰਵਾ ਦਿਤੀ ਪਰ ਦੋਵੇਂ ਆਗੂਆਂ ਦਾ ਕਹਿਣਾ ਹੈ ਕਿ ਮੰਗ ਮੰਨਣ ’ਤੇ ਹੀ ਉਹ ਹੇਠਾਂ ਆਉਣਗੇ।
