ਸਿਹਤ ਮੰਤਰੀ ਨੇ ਆਪਣਾ ਘਰ ਆਮ ਆਦਮੀ ਕਲੀਨਿਕ ਲਈ ਦਿੱਤਾ
ਸੁਰਜੀਤ ਮਜਾਰੀ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਜੱਦੀ ਪਿੰਡ ਭੌਰਾ ’ਚ ਸਥਿਤ ਆਪਣੇ ਘਰ ਨੂੰ ਆਮ ਆਦਮੀ ਕਲੀਨਿਕ ਬਣਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ ਹੈ।
ਇਸ ਬਾਰੇ ਸਿਹਤ ਮੰਤਰੀ ਅਤੇ ਸਰਕਾਰੀ ਹਸਪਤਾਲ ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਵਿਚਾਲੇ ਲਿਖਤੀ ਸਹਿਮਤੀ ਹੋਈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਘਰ ਮੁਫ਼ਤ ਪੰਜਾਬ ਸਰਕਾਰ ਨੂੰ ਦਿੱਤਾ ਹੈ, ਜਿੱਥੇ ਜਲਦ ਹੀ ਆਮ ਆਦਮੀ ਕਲੀਨਿਕ ਸਥਾਪਤ ਹੋਣ ਨਾਲ ਨੇੜੇਲੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਮਾਹਿਰ ਡਾਕਟਰਾਂ ਅਤੇ ਸਟਾਫ਼ ਦੀ ਤਾਇਨਾਤੀ ਨਾਲ ਮੁਫ਼ਤ ਦਵਾਈਆਂ ਦੀ ਵਿਵਸਥਾ ਤੋਂ ਇਲਾਵਾ ਲੋਕਾਂ ਦੇ ਰੁਟੀਨ ਦੇ ਮੈਡੀਕਲ ਟੈਸਟ ਲਈ ਵੀ ਸੈਂਪਲ ਲਏ ਜਾਣਗੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿੱਥੇ ਹੁਣ ਤੱਕ ਓ.ਪੀ.ਡੀ. ਦੀ ਗਿਣਤੀ 4.04 ਕਰੋੜ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਜੱਦੀ ਪਿੰਡ ਭੌਰਾ ਨੂੰ ਸਿਜਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਸਫ਼ਰ ’ਚ ਪਿੰਡ ਦੀ ਮਿੱਟੀ ਤੋਂ ਮਿਲਿਆ ਬਲ ਉਨ੍ਹਾਂ ਲਈ ਵੱਡੀ ਪ੍ਰੇਰਨਾ ਸਾਬਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਉਨ੍ਹਾਂ ਦੇ ਵਡੇਰਿਆਂ ਦੀਆਂ ਦੁਆਵਾਂ ਅਤੇ ਪਿੰਡ ਵਾਸੀਆਂ ਦਾ ਮੋਹ ਅੱਜ ਵੀ ਉਨ੍ਹਾਂ ਨੂੰ ਲੋਕ ਸੇਵਾ ਦੇ ਕੰਮਾਂ ਲਈ ਉਤਸ਼ਾਹਿਤ ਕਰਦਾ ਹੈ।