ਸਿਹਤ ਮੰਤਰੀ ਵੱਲੋਂ ਸੂਬਾ ਪੱਧਰੀ ਮੁਹਿੰਮ ਦਾ ਅਗਾਜ਼
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਡੇਂਗੂ ਸਣੇ ਮੱਛਰਾਂ ਦੇ ਕੱਟਣ ਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਸੱਪ ਦੇ ਡੱਸਣ ਅਤੇ ਕੁੱਤੇ ਦੇ ਵੱਢਣ ਨੂੰ ਰੋਕਣ ਲਈ ਰਾਜ ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਇੱਥੇ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦਾ ਨਿੱਜੀ ਤੌਰ ’ਤੇ ਦੌਰਾ ਕਰਨਗੇ ਅਤੇ ਇਹ ਮੁਹਿੰਮ ਅੱਜ ਇੱਥੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਅੱਜ ਇੱਥੇ ਨਗਰ ਨਿਗਮ ਦਫ਼ਤਰ ਵਿੱਚ ਸਮੀਖਿਆ ਮੀਟਿੰਗ ਬੁਲਾਈ। ਸਿਹਤ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਤੇਜ਼ ਬੁਖਾਰ, ਦਿਲ ਦਾ ਦੌਰਾ, ਦਸਤ ਜਾਂ ਸੱਪ ਦੇ ਡੱਸਣ ਤੇ ਕੁੱਤੇ ਦੇ ਕੱਟਣ ਵਰਗੀ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ 104 ਡਾਇਲ ਕਰਨ ਦੀ ਅਪੀਲ ਕੀਤੀ ਤਾਂ ਜੋ ਸਮੇਂ ਸਿਰ ਲਾਭ ਉਠਾਇਆ ਜਾ ਸਕੇ। ਹੜ੍ਹ ਤੋਂ ਬਾਅਦ ਦੇ ਯਤਨਾਂ ਸਬੰਧੀ ਉਨ੍ਹਾਂ ਕਿਹਾ ਕਿ ਸਾਡਾ ਮੁੱਖ ਧਿਆਨ ਹੁਣ ਬਚਾਅ, ਰਾਹਤ, ਮੈਡੀਕਲ ਸਹਾਇਤਾ, ਰਾਸ਼ਨ ਅਤੇ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਤੱਕ 88 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ 9 ਮਾਮਲੇ ਸਾਹਮਣੇ ਆਏ ਸਨ। ਇਸ ਸਬੰਧੀ ਉਨ੍ਹਾਂ ਸਾਰੇ ਸਬੰਧਤ ਵਿਭਾਗਾਂ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ, ਸਿੱਖਿਆ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਆਦਿ ਨੂੰ ਡੇਂਗੂ, ਮਲੇਰੀਆ, ਚਿਕਟਗੁਨੀਆ, ਦਸਤ, ਹੈਜ਼ਾ, ਹੈਪੇਟਾਈਟਸ ਅਤੇ ਹੋਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਨਾਲ ਨੇੜਿਓਂ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ।