ਸਿਹਤ ਬੀਮਾ ਯੋਜਨਾ ਇਤਿਹਾਸਕ ਫ਼ੈਸਲਾ ਕਰਾਰ
ਕੁਲਦੀਪ ਸਿੰਘ
ਚੰਡੀਗੜ੍ਹ, 13 ਜੁਲਾਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਦੀ ‘ਆਪ’ ਆਗੂਆਂ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਫ਼ੈਸਲਾ ਹੈ। ‘ਆਪ’ ਦੇ ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਸੰਯੁਕਤ ਸਕੱਤਰ ਬਚਿੱਤਰ ਸਿੰਘ, ਇੰਜਨੀਅਰ ਸੁਖਦੇਵ ਸਿੰਘ ਔਲਖ, ਜਨਰਲ ਸਕੱਤਰ ਹਰਮੰਦਰ ਸਿੰਘ ਬਰਾੜ, ਸਕੱਤਰ ਗੁਰਦਰਸ਼ਨ ਸਿੰਘ ਪਟਵਾਰੀ, ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਜ਼ਿਲ੍ਹਾ ਸਕੱਤਰ ਇੰਜਨੀਅਰ ਅਪਨਿੰਦਰ ਸਿੰਘ ਅਤੇ ਪੈਨਸ਼ਨਰ ਆਗੂ ਹਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਵੱਲੋਂ ਨਿੱਤ ਨਵੇਂ ਇਤਿਹਾਸਕ ਫ਼ੈਸਲੇ ਲਏ ਜਾ ਰਹੇ ਹਨ। ‘ਆਪ’ ਆਗੂਆਂ ਨੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਨੂੰ ਭਗਵੰਤ ਮਾਨ ਸਰਕਾਰ ਦਾ ਇਨਕਲਾਬੀ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਣੇ ਹਰ ਪੰਜਾਬ ਵਾਸੀ ਨੂੰ ਸਹੂਲਤ ਦੇਣਾ ਹੋਰ ਵੀ ਚੰਗਾ ਫ਼ੈਸਲਾ ਹੈ।
ਆਗੂ ਗੁਰਮੇਲ ਸਿੱਧੂ ਅਤੇ ਬਚਿੱਤਰ ਸਿੰਘ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਜਿਵੇਂ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਦੇਣਾ, ਮੈਰਿਟ ਦੇ ਆਧਾਰ ’ਤੇ 55 ਹਜ਼ਾਰ ਕਰਮਚਾਰੀਆਂ ਦੀ ਪੱਕੀ ਭਰਤੀ, ਸਿੱਖਿਆ ਖੇਤਰ ਵਿੱਚ ਸੁਧਾਰ, ਖਿਡਾਰੀਆਂ ਨੂੰ ਸਨਮਾਨ, ਖੇਡਾਂ ਨੂੰ ਉਤਸ਼ਾਹਿਤ ਕਰਨਾ, ਟੌਲ ਪਲਾਜ਼ੇ ਬੰਦ ਕਰਨਾ, ਤਹਿਸੀਲਾਂ ਵਿੱਚ ਆਮ ਲੋਕਾਂ ਅਤੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਨੱਥ ਪਾਉਣੀ, ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ੇ ਬੰਦ ਕਰਨਾ ਅਤੇ ਸੰਭਾਵਨਾਵਾਂ ਨੂੰ ਤਕਨੀਕੀ ਤੌਰ ’ਤੇ ਉਜਾਗਰ ਕਰ ਕੇ ਲਿੰਕ ਨਹਿਰ ਦੀ ਉਸਾਰੀ ਨੂੰ ਰੱਦ ਕਰਨਾ ਆਦਿ ਅੱਧੀ ਸਦੀ ਤੋਂ ਵਿਗੜੇ ਕੰਮਾਂ ਨੂੰ ਲੀਹ ’ਤੇ ਲਿਆਉਣਾ, ਸੂਬੇ ਦੇ ਭਵਿੱਖ ਵਾਸਤੇ ਚੰਗੇ ਸੰਕੇਤ ਹਨ।
ਆਗੂਆਂ ਨੇ ਕਿਹਾ ਕਿ ਹੁਣ ਤੱਕ ਦੀਆਂ ਪ੍ਰਾਪਤੀਆਂ ਦੇ ਸਨਮੁੱਖ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਭਗਵੰਤ ਮਾਨ ਦੀ ਅਗਵਾਈ ਵਿੱਚ ਵੱਡੀ ਜਿੱਤ ਪ੍ਰਾਪਤ ਕਰੇਗੀ।