ਸਿਹਤ ਵਿਭਾਗ ਵੱਲੋਂ ਦਾਨੇਵਾਲਾ ’ਚ ਕੈਂਸਰ ਜਾਂਚ ਸ਼ੁਰੂ ਕਰਨ ਦਾ ਦਾਅਵਾ
ਹਰਦੀਪ ਸਿੰਘ
ਇੱਥੋਂ ਨਜ਼ਦੀਕੀ ਪਿੰਡ ਦਾਨੇਵਾਲਾ ਦੇ ਸਰਪੰਚ ਦੇ ਨਾਬਾਲਗ ਪੁੱਤਰ ਦੀ ਕੈਂਸਰ ਨਾਲ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕੈਂਸਰ ਹੱਬ ਵਜੋਂ ਚਰਚਾ ਵਿੱਚ ਆਏ ਇਸ ਪਿੰਡ ਨੂੰ ਲੈ ਕੇ ਸਰਕਾਰ ਹਰਕਤ ਵਿੱਚ ਆ ਗਈ ਹੈ। ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਨੇ ਟੀਮ ਦਾ ਗਠਨ ਕਰਕੇ ਪਿੰਡ ਦੇ ਹਰੇਕ ਘਰ ਦੀ ਸਿਹਤ ਜਾਂਚ ਅਤੇ ਸਰਵੇ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ।
ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਭਲਾਈ ਅਫ਼ਸਰ ਡਾ. ਰਿਤੂ ਜੈਨ ਨੂੰ ਟੀਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਅਤੇ ਕੋਟ ਈਸੇ ਖਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਿਪੁਦਮਨ ਕੌਰ ਦੀ ਅਗਵਾਈ ਹੇਠ ਸਰਵੇ ਟੀਮ ਪਿੰਡ ਵਿੱਚ ਸਰਗਰਮ ਹੋ ਗਈ ਹੈ। ਉਨ੍ਹਾਂ ਮੁਤਾਬਕ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਵਲੋਂ ਪਿੰਡ ਦੇ ਹਰੇਕ ਘਰ ਦੇ ਬਿਮਾਰ ਲੋਕਾਂ ਦੇ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਵਾਟਰ ਸਪਲਾਈ ਵਿਭਾਗ ਵਲੋਂ ਵੀ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਹਨ।
ਸਿਹਤ ਕਰਮਚਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਸਰਵੇ ਅਤੇ ਜਾਂਚ ਦਾ ਕੰਮ ਮੁਕੰਮਲ ਕਰਕੇ ਰਿਪੋਰਟਾਂ ਉਪਰ ਭੇਜ ਦਿੱਤੀਆਂ ਗਈਆਂ ਹਨ। ਇਸ ਪਿੰਡ ਦੇ ਛੱਪੜ ਵਿਚਲੇ ਪਾਣੀ ਦੇ ਵੀ ਸੈਂਪਲ ਜਾਂਚ ਲਈ ਖਰੜ ਲੈਬ ਭੇਜ ਦਿੱਤੇ ਗਏ ਹਨ। ਦੂਸਰੇ ਪਾਸੇ ਪਿੰਡ ਦੇ ਲੋਕਾਂ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ।
ਸਾਰਿਆਂ ਦੀ ਸਿਹਤ ਜਾਂਚ ਨਾ ਕੀਤੀ, ਮਹਿਜ਼ ਖਾਨਾਪੂਰਤੀ ਹੀ ਕੀਤੀ: ਪਿੰਡ ਵਾਸੀ
ਪਿੰਡ ਦੇ ਸਰਪੰਚ ਨਿਸ਼ਾਨ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਕਿਸਾਨ ਆਗੂ ਸਾਹਿਬ ਸਿੰਘ, ਸਤਨਾਮ ਸਿੰਘ ਅਤੇ ਬੋਹੜ ਸਿੰਘ ਨੇ ਦੱਸਿਆ ਕਿ ਪਿੰਡ ’ਚ ਕੈਂਸਰ ਕਾਰਨ ਕਈ ਮੌਤਾਂ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮਹਿਜ਼ ਖ਼ਾਨਾਪੂਰਤੀ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਪਿੰਡ ਦੇ ਕੁਝ ਘਰਾਂ ਤੋਂ ਹੀ ਸਿਹਤ ਟੀਮ ਨੇ ਪੁੱਛਗਿੱਛ ਕੀਤੀ ਅਤੇ ਆਪਣੀ ਰਿਪੋਰਟ ਤਿਆਰ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਛੋਟੇ ਜਿਹੇ ਪਿੰਡ ਵਿੱਚ ਮਹਿਜ਼ 40 ਦੇ ਕਰੀਬ ਹੀ ਘਰ ਹਨ ਅਤੇ ਪਿੰਡ ਦੀ ਸਾਰੀ ਆਬਾਦੀ 250 ਦੇ ਕਰੀਬ ਹੈ। ਜੇਕਰ ਸਰਕਾਰ ਸੱਚਮੁੱਚ ਹੀ ਪਿੰਡ ਦੀ ਸਿਹਤ ਨੂੰ ਲੈ ਕੇ ਗੰਭੀਰ ਹੈ ਤਾਂ ਦੋ ਦਿਨਾਂ ਵਿੱਚ ਹੀ ਸਾਰੇ ਪਿੰਡ ਦੀ ਮੁਕੰਮਲ ਸਿਹਤ ਜਾਂਚ ਹੋ ਸਕਦੀ ਹੈ। ਪਿੰਡ ਵਾਸੀਆਂ ਮੁਤਾਬਕ ਫ਼ਤਹਿਗੜ੍ਹ ਪੰਜਤੂਰ ਦਾ ਛੱਪੜ ਪਿੰਡ ਦੀ ਹੱਦ ਨਾਲ ਲੱਗਦਾ ਹੈ ਤੇ ਇਸ ਦਾ ਦੂਸ਼ਿਤ ਪਾਣੀ ਇੱਥੇ ਕੈਂਸਰ ਅਤੇ ਕਾਲਾ ਪੀਲੀਆ ਫੈਲਾ ਰਿਹਾ ਹੈ।