ਛੱਤ ਡਿੱਗਣ ਕਾਰਨ ਪਰਿਵਾਰ ਦੇ ਮੁਖੀ ਦੀ ਮੌਤ
ਦੋ ਧੀਆਂ ਤੇ ਪਤਨੀ ਜ਼ਖ਼ਮੀ; ਐੱਸਡੀਐੱਮ ਅਤੇ ਪੁਲੀਸ ਵੱਲੋਂ ਮੌਕੇ ਦਾ ਜਾਇਜ਼ਾ
Advertisement
ਅੱਜ ਤੜਕਸਾਰ ਬਾਜ਼ੀਗਰ ਬਸਤੀ ਖੇਤਰ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਤਿੰਨ ਜ਼ਖਮੀ ਹੋ ਗਏ। ਇਸ ਦੇ ਮੱਦੇਨਜ਼ਰ ਡੀਸੀ ਟੀ ਬੈਨਿਥ ਨੇ ਲੋਕਾਂ ਨੂੰ ਕੁਝ ਦਿਨਾਂ ਲਈ ਅਸੁਰੱਖਿਅਤ ਇਮਾਰਤਾਂ ਤੋਂ ਬਾਹਰ ਜਾਣ ਦੀ ਅਪੀਲ ਕੀਤੀ। ਇਸ ਦੌਰਾਨ ਐੱਸਡੀਐੱਮ ਮੈਡਮ ਸੋਨਮ ਅਤੇ ਬਰਨਾਲਾ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ। ਇਹ ਘਟਨਾ ਅੱਜ ਸਵੇਰੇ ਲਗਪਗ 7 ਵਜੇ ਵਾਪਰੀ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ। ਜ਼ਖਮੀਆਂ ਵਿੱਚ ਉਸ ਦੀ ਪਤਨੀ ਸੁਖਵਿੰਦਰ ਕੌਰ, ਧੀਆਂ ਕੋਮਲ ਕੌਰ (3) ਮਨਪ੍ਰੀਤ ਕੌਰ (10) ਹਨ। ਮਨਪ੍ਰੀਤ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਦੋਂਕਿ ਸੁਖਵਿੰਦਰ ਕੌਰ ਅਤੇ ਕੋਮਲ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਗੁਰਜੀਤ ਸਿੰਘ ਰੁੜੀ ਅਤੇ ਗੁਆਢੀਆਂ ਨੇ ਨਗਰ ਕੌਂਸਲ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੱਚੇ ਘਰਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਯੋਜਨਾ ਤਹਿਤ ਲਖਵਿੰਦਰ ਸਿੰਘ ਪਿਛਲੇ 6 ਮਹੀਨੇ ਤੋਂ ਕੌਂਸਲ ਦੇ ਚੱਕਰ ਲਾ ਰਿਹਾ ਸੀ। ਅਧਿਕਾਰੀਆਂ ਵੱਲੋਂ ਇਤਰਾਜ਼ ਲਾ ਕੇ ਤਿੰਨ ਵਾਰ ਫਾਈਲ ਮੋੜ ਦਿੱਤੀ ਗਈ। ਮ੍ਰਿਤਕ ਲਖਵਿੰਦਰ ਸਿੰਘ ਨੇ ਚੌਥੀ ਵਾਰ ਸਾਰੇ ਇਤਰਾਜ਼ ਦੂਰ ਕਰਕੇ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਪਰ ਅੱਜ ਤੱਕ ਉਹ ਫਾਈਲ ਕਮੇਟੀ ਦੇ ਦਫ਼ਤਰ ਦਾ ਸ਼ਿੰਗਾਰ ਬਣੀ ਹੋਈ ਹੈ। ਉਧਰ, ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਿਸ਼ਾਲਦੀਪ ਬਾਂਸਲ ਨੇ ਕਿਹਾ ਕਿ ਸਹਾਇਤਾ ਰਾਸ਼ੀ ਹਾਲੇ ਮਨਜ਼ੂਰ ਹੋ ਕੇ ਨਹੀਂ ਆਈ।
Advertisement
Advertisement