ਹਰਿਆਣਾ ਦਾ ਵਿਕਾਸ ਸਾਡੀ ਤਰਜੀਹ: ਨਾਇਬ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ 59 ਸਾਲਾਂ ਦੀ ਵਿਕਾਸ ਯਾਤਰਾ ਇਸ ਗੱਲ ਦੀ ਗਵਾਹ ਹੈ ਕਿ ਹਰਿਆਣਾ ਖ਼ੁਸ਼ਹਾਲੀ ਵੱਲ ਲੰਮਾ ਸਫ਼ਰ ਤੈਅ ਕਰ ਚੁੱਕਾ ਹੈ। ਅੱਜ ਹਰਿਆਣਾ ਖ਼ੁਸ਼ਹਾਲੀ ਦੀ ਨਵੀਂ ਪਰਿਭਾਸ਼ਾ ਲਿਖ ਰਿਹਾ ਹੈ। ਰਾਜ ਦਾ ਬੁਨਿਆਦੀ ਢਾਂਚਾ ਤੇਜ਼ੀ ਨਾਲ ਵਿਕਸਤ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਨੂੰ ਨਵੀਨਤਾ, ਬੁਨਿਆਦੀ ਢਾਂਚਾ ਅਤੇ ਸਮਾਵੇਸ਼ੀ ਵਿਕਾਸ ਵੱਲ ਲਿਜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹਰਿਆਣਾ ਦਾ ਵਿਕਾਸ ਹੈ। ਭਾਵੇਂ ਉਹ ਸ਼ਹਿਰ ਹੋਵੇ ਜਾਂ ਪਿੰਡ, ਗਰੀਬ ਹੋਵੇ ਜਾਂ ਅਮੀਰ, ਹਰ ਕਿਸੇ ਨੂੰ ਵਿਕਾਸ ਦਾ ਲਾਭ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਸੈਕਟਰ-5 ਦੇ ਯਵਨਿਕਾ ਗਾਰਡਨ ਵਿੱਚ 60ਵੇਂ ਹਰਿਆਣਾ ਦਿਵਸ ਦੇ ਮੌਕੇ ਤਿੰਨ ਰੋਜ਼ਾ ਸੱਭਿਆਚਾਰਕ ਉਤਸਵ ਅਤੇ ਪ੍ਰਦਰਸ਼ਨੀ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤਿੰਨ ਰੋਜ਼ਾ ਉਤਸਵ ਦੌਰਾਨ ਉਨ੍ਹਾਂ ਆਪਣੇ ਰਾਜ ਦੀ ਸੱਭਿਆਚਾਰਕ, ਇਤਿਹਾਸਕ ਅਤੇ ਵਿਕਾਸ ਯਾਤਰਾ ਨੂੰ ਨਾ ਸਿਰਫ਼ ਦੇਖਿਆ ਬਲਕਿ ਮਹਿਸੂਸ ਵੀ ਕੀਤਾ। ਕਲਾਕਾਰਾਂ ਨੇ ਲੋਕ ਗੀਤਾਂ ਅਤੇ ਨਾਚਾਂ ਰਾਹੀਂ ਹਰਿਆਣਾ ਦੀਆਂ ਜੀਵੰਤ ਪਰੰਪਰਾਵਾਂ ਨੂੰ ਪੇਸ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਸਨਮਾਨਿਤ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਲਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਜਨਰਲ ਕੇ ਐੱਮ ਪਾਂਡੂਰੰਗ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ, ਸ਼ਿਆਮ ਸਿੰਘ ਰਾਣਾ, ਰਣਬੀਰ ਗੰਗਵਾ, ਕੁਮਾਰੀ ਆਰਤੀ ਸਿੰਘ ਰਾਓ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਰੋਲੀ, ਵਿਧਾਇਕ ਸ਼ਕਤੀ ਰਾਣੀ ਸ਼ਰਮਾ ਅਤੇ ਪਵਨ ਖਰਖੋਦਾ, ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਤੇ ਮੇਅਰ ਕੁਲਭੂਸ਼ਣ ਗੋਇਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
