ਹਰਿਆਣਾ ਵੱਲੋਂ ਪੰਜਾਬ ’ਚ ਹੜ੍ਹ ਪੀੜਤਾਂ ਦੀ ਮਦਦ ਦੀ ਪੇਸ਼ਕਸ਼
ਮੁੱਖ ਮੰਤਰੀ ਸੈਣੀ ਨੇ ਆਪਣੇ ਹਮਰੁਤਬਾ ਨੂੰ ਲਿਖਿਆ ਪੱਤਰ; ਰਾਹਤ ਸਮੱਗਰੀ, ਬਚਾਅ ਪਾਰਟੀ ਅਤੇ ਮੈਡੀਕਲ ਸਹਾਇਤਾ ਭੇਜਣ ਦੀ ਪੇਸ਼ਕਸ਼
Advertisement
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਪੈ ਰਹੇ ਮੀਂਹ ਕਰਕੇ ਪੰਜਾਬ ਦੇ ਅੱਧਾ ਦਰਜਨ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ। ਇਸ ਦੌਰਾਨ ਕਿਸਾਨਾਂ ਦੀ ਲੱਖਾਂ ਏਕੜ ਫਸਲ ਤਬਾਹ ਹੋ ਗਈ ਅਤੇ ਪਸ਼ੂਆਂ ਤੇ ਹੋਰ ਘਰੇਲੂ ਸਾਮਾਨ ਦਾ ਵਧੇਰੇ ਨੁਕਸਾਨ ਹੋ ਗਿਆ ਹੈ। ਪੰਜਾਬ ਦੇ ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ’ਚੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਆਪਣੇ ਹਮਰੁਤਬਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿੱਖ ਕੇ ਰਾਹਤ ਸਮੱਗਰੀ, ਬਚਾਅ ਪਾਰਟੀ ਅਤੇ ਮੈਡੀਕਲ ਸਹਾਇਤਾ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਮਨੁੱਖਤਾ ਦੇ ਨਾਤੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਜਿੱਥੇ ਵੀ ਕਹਿਣਗੇ, ਉਹ ਉੱਥੇ ਲੋੜੀਂਦੀ ਮਦਦ ਉਪਲੱਬਧ ਕਰਵਾਉਣਗੇ।
ਕਾਂਗਰਸ ਤੇ ‘ਆਪ’ ਵੱਲੋਂ ਵੋਟਾਂ ਲੈਣ ਲਈ ਝੂਠ ਬੋਲਿਆ ਜਾਂਦੈ: ਸੈਣੀ
Advertisement
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਹਰਿਆਣਾ ਵਿੱਚ ਆਪਣੇ ਚੋਣ ਘੋਸ਼ਣਾ ਪੱਤਰ ਦੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕਦਮ ਵਧਾ ਰਹੀ ਹੈ। ਜਦੋਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਹਾਸਲ ਕਰਨ ਲਈ ਔਰਤਾਂ ਨੂੰ ਝੂਠ ਬੋਲਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਅਤੇ ਕਾਂਗਰਸ ਨੇ ਕਰਨਾਟਕ, ਤੇਲੰਗਾਨਾ ਤੇ ਹਿਮਾਚਲ ਪ੍ਰਦੇਸ਼ ਵਿੱਚ ਔਰਤਾਂ ਨਾਲ ਵਾਅਦੇ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋ ਸਕੇ।
Advertisement