ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਸੂਬੇ ਭਰ ’ਚ ਮਨਾਏਗੀ ਹਰਿਆਣਾ ਸਰਕਾਰ
ਹਰਿਆਣਾ ਸਰਕਾਰ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਸੂਬੇ ਭਰ ਵਿੱਚ ਮਨਾਵੇਗੀ। ਇਸ ਸਬੰਧੀ ਅੱਜ ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਇਹ ਮਤਾ ਮੁੱਖ ਮੰੰਤਰੀ ਨਾਇਬ ਸਿੰਘ ਸੈਣੀ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਾਰਿਆਂ ਨੇ ਪ੍ਰਵਾਨ ਕੀਤਾ।
ਹਰਿਆਣਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ। ਇਸ ਦੇ ਨਾਲ ਹੀ ਹਰਿਆਣਾ ਵਿਧਾਨ ਸਭਾ ਵਿੱਚ ਸੂਬੇ ’ਚ ਗ਼ੈਰਕਾਨੂੰਨੀ ਉਦਯੋਗਿਕ ਇਕਾਈਆਂ ਨੂੰ ਮਾਨਤਾ ਦੇਣ ਲਈ ਬਿੱਲ ਪਾਸ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 10 ਏਕੜ ਤੋਂ ਵੱਧ ਥਾਂ ’ਤੇ ਫੈਲੀ ਅਤੇ 50 ਕਾਮਿਆਂ ਵਾਲੀ ਉਦਯੋਗਿਕ ਇਕਾਈ ਨੂੰ ਮਾਨਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਵਿਧਾਇਕ ਤੇ ਸਾਬਕਾ ਵਿਧਾਇਕ ਨੂੰ ਹਰ ਮਹੀਨੇ ਸੈਰ-ਸਪਾਟੇ ਲਈ 10 ਹਜ਼ਾਰ ਰੁਪਏ ਦੇਣ ਲਈ ਸੋਧ ਬਿੱਲ ਪਾਸ ਕਰ ਦਿੱਤਾ ਹੈ।
ਹਰਿਆਣਾ ਵਿਧਾਨ ਸਭਾ ਵਿੱਚ ਇਨੈਲੋ ਦੇ ਵਿਧਾਇਕ ਅਰਜੁਨ ਚੌਟਾਲਾ, ਕਾਂਗਰਸੀ ਵਿਧਾਇਕ ਮਾਮਮ ਖਾਨ, ਅਫ਼ਤਾਬ ਅਹਿਮਦ ਨੇ ਸੂਬਾ ਸਰਕਾਰ ਨੂੰ ਹੜ੍ਹਾਂ ਦੇ ਮੁੱਦਾ ’ਤੇ ਘੇਰਿਆ। ਸ੍ਰੀ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਤੱਕ 17 ਕਰੋੜ ਤੋਂ ਵੱਧ ਮੁਆਵਜ਼ਾ ਰਕਮ ਜਾਰੀ ਕਰ ਦਿੱਤੀ ਹੈ।
ਕਾਂਗਰਸ ਨੇ ਵਿਧਾਨ ਸਭਾ ਵਿੱਚ ‘ਵੋਟ ਚੋਰ, ਗੱਦੀ ਛੋੜ’ ਦੇ ਨਾਅਰੇ ਲਾਏ
ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਅੱਜ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕ ਵਿਧਾਨ ਸਭਾ ਤੱਕ ਪੈਦਲ ਮਾਰਚ ਕਰਦੇ ਹੋਏ ਪਹੁੰਚੇ ਤੇ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ‘ਵੋਟ ਚੋਰ, ਗੱਦੀ ਛੋੜ’ ਦੇ ਨਾਅਰੇ ਲਾਏ। ਇਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਨੇ ਸ਼ਾਂਤ ਕਰਵਾਇਆ।