ਯਮੁਨਾ ਦੀ ਸਫ਼ਾਈ ਲਈ ਹਰਿਆਣਾ ਤੇ ਦਿੱਲੀ ਬਣਾਉਣਗੇ ਸਾਂਝੀ ਕਮੇਟੀ
ਦਿੱਲੀ ਅਤੇ ਹਰਿਆਣਾ ਸਰਕਾਰ ਨੇ ਇਕਜੁੱਟ ਹੋ ਕੇ ਯਮੁਨਾ ਨਦੀ ਦੀ ਸਫ਼ਾਈ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਦਿੱਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਆਰ ਪਾਟਿਲ ਦੀ ਅਗਵਾਈ ਹੇਠ ਦੋਵਾਂ ਸੂਬਿਆਂ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੌਜੂਦ ਰਹੇ। ਹਾਲਾਂਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸ਼ਾਮਲ ਨਹੀਂ ਹੋਈ। ਉਨ੍ਹਾਂ ਦੀ ਥਾਂ ਦਿੱਲੀ ਦੇ ਅਧਿਕਾਰੀ ਸ਼ਾਮਲ ਹੋਏ। ਜਿਨ੍ਹਾਂ ਨੇ ਯਮੁਨਾ ਨਦੀ ਦੀ ਸਫ਼ਾਈ ਸਬੰਧੀ ਗੱਲਬਾਤ ਕੀਤੀ ਅਤੇ ਯਮੁਨਾ ਦੀ ਸਫ਼ਾਈ ਲਈ ਹਰਿਆਣਾ ਤੇ ਦਿੱਲੀ ਸਰਕਾਰ ਦੀ ਸਾਂਝੀ ਕਮੇਟੀ ਬਣਾਉਨ ਦਾ ਫੈਸਲਾ ਕੀਤਾ। ਇਹ ਕਮੇਟੀ ਯਮੁਨਾ ਨਦੀ ਦੀ ਸਫ਼ਾਈ ਦੇ ਨਾਲ-ਨਾਲ ਇਸ ਨਾਲ ਸਬੰਧਿਤ ਹੋਰ ਸਮਸਿਆਵਾਂ ਦੇ ਹੱਲ ’ਤੇ ਵੀ ਕੰਮ ਕਰੇਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਗੰਗਾ ਦੀ ਤਰਜ਼ ’ਤੇ ਯਮੂਨਾ ਨਦੀ ਨੂੰ ਵੀ ਸਾਫ ਅਤੇ ਨਿਰਮਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਰੇਖਾ ਗੁਪਤਾ ਦੀ ਅਗਵਾਈ ਹੇਠ ਸਰਕਾਰ ਵੱਲੋਂ ਯਮੁਨਾ ਦੀ ਸਫ਼ਾਈ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਯਮੁਨਾ ਨਦੀ ਦੀ ਸਫ਼ਾਈ ਨੂੰ ਲੈ ਕੇ ਦਿੱਲੀ ਵਿੱਚ ਹਰ ਸਮੇਂ ਸਿਆਸਤ ਗਰਮਾਈ ਰਹਿੰਦੀ ਹੈ। ਚੋਣਾਂ ਦੌਰਾਨ ਵੀ ਯਮੁਨਾ ਦੀ ਸਫ਼ਾਈ ਦਾ ਮੁੱਦਾ ਕਾਫ਼ੀ ਉਠਾਇਆ ਜਾਂਦਾ ਰਿਹਾ ਹੈ। ਪਰ ਦਿੱਲੀ ਅਤੇ ਹਰਿਆਣਾ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਰਹਿਣ ਕਰਕੇ ਇਹ ਮਸਲਾ ਕਦੇ ਸਾਂਝੇ ਰੂਪ ਵਿੱਚ ਵਿਚਾਰਿਆ ਨਹੀਂ ਗਿਆ। ਹੁਣ ਦਿੱਲੀ ਵਿੱਚ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣਨ ਕਰਕੇ ਦਿੱਲੀ ਅਤੇ ਹਰਿਆਣਾ ਸਰਕਾਰ ਨੇ ਸਾਂਝੇ ਤੌਰ ’ਤੇ ਯਮੁਨਾ ਦੀ ਸਫ਼ਾਈ ਕਰਨ ਦੀ ਪਹਿਲਕਦਮੀ ਕੀਤੀ ਹੈ।