ਹਰਜੋਤ ਬੈਂਸ ਵੱਲੋਂ ਗੁਰਦੁਆਰਾ ਸੀਸਗੰਜ ’ਚ ਜੋੜੇ ਝਾੜਨ ਦੀ ਸੇਵਾ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਧਾਰਮਿਕ ਸਜ਼ਾ ਪੂਰੀ ਕੀਤੀ
Advertisement
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਨੂੰ ਪੂਰਾ ਕਰਨ ਲਈ ਅੱਜ ਦੂਜੇ ਦਿਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਵੇਰੇ 9 ਵਜੇ ਗੁਰਦੁਆਰਾ ਸੀਸਗੰਜ ਸਾਹਿਬ ਪੁੱਜੇ। ਉਨ੍ਹਾਂ ਵੱਲੋਂ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਉਪਰੰਤ ਉਨ੍ਹਾਂ ਗੁਰਦੁਆਰੇ ਦੇ ਜੋੜੇ ਘਰ ਵਿੱਚ ਇੱਕ ਘੰਟੇ ਜੋੜੇ ਝਾੜਨ ਦੀ ਸੇਵਾ ਕੀਤੀ। ਗੌਰਤਲਬ ਹੈ ਕਿ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਜੰਮੂ ਕਸ਼ਮੀਰ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਵਿੱਚ ਗੀਤ ’ਤੇ ਭੰਗੜੇ ਪਾਏ ਗਏ ਸਨ ਜਿਸ ਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਵੱਲੋਂ ਮੰਤਰੀ ਹਰਜੋਤ ਬੈਂਸ ਨੂੰ ਤਲਬ ਕੀਤਾ ਗਿਆ ਸੀ ਤੇ ਧਾਰਮਿਕ ਸਜ਼ਾ ਲਗਾਈ ਗਈ ਸੀ। ਹਰਜੋਤ ਬੈਂਸ ਨੇ 9 ਅਗਸਤ ਨੂੰ ਸੇਵਾ ਕੀਤੀ ਸੀ ਤੇ ਅੱਜ 11 ਅਗਸਤ ਨੂੰ ਉਨ੍ਹਾਂ ਵੱਲੋਂ ਇੱਕ ਘੰਟਾ ਜੋੜੇ ਝਾੜਨ ਦੀ ਸੇਵਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਕਿਸੇ ਜ਼ਰੂਰੀ ਕੰਮ ਦੇ ਚੱਲਦਿਆਂ ਉਹ ਇੱਕ ਦਿਨ (10 ਅਗਸਤ) ਨਹੀਂ ਆ ਸਕੇ, ਜਿਸ ਕਰਕੇ ਅੱਜ ਆ ਕੇ ਉਨ੍ਹਾਂ ਵੱਲੋਂ ਸੇਵਾ ਕੀਤੀ ਗਈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦੋ ਦਿਨ ਜੋੜੇ ਝਾੜਨ ਦੀ ਸੇਵਾ ਲਗਾਈ ਗਈ ਸੀ ਪ੍ਰੰਤੂ ਉਹ ਇੱਕ ਦਿਨ ਹੋਰ ਭਾਵ 12 ਅਗਸਤ ਨੂੰ ਵੀ ਇਹ ਸੇਵਾ ਕਰਨਗੇ ਤੇ ਉਪਰੰਤ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ।
Advertisement
ਕੈਬਨਿਟ ਮੰਤਰੀ ਵੱਲੋਂ ਸ਼ਹੀਦ ਲਾਂਸ ਨਾਇਕ ਪ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ
ਸਮਰਾਲਾ (ਡੀਪੀਐੱਸ ਬੱਤਰਾ): ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਪਿੰਡ ਮਾਨੂੰਪੁਰ ਵਿਚ ਸ਼ਹੀਦ ਲਾਂਸ ਨਾਇਕ ਪ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਪ੍ਰਿਤਪਾਲ ਸਿੰਘ ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿਚ ਸ਼ਹੀਦ ਹੋ ਗਏ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਸ਼ਹੀਦ ਪ੍ਰਿਤਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ, ਪਿਤਾ ਹਰਬੰਸ ਸਿੰਘ, ਮਾਤਾ ਅਤੇ ਭਰਾਵਾਂ ਨਾਲ ਦੁੱਖ ਵੰਡਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਜੋ ਸੰਭਵ ਮਦਦ ਹੋਵੇਗੀ, ਉਹ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸ਼ਹੀਦ ਲਾਂਸ ਨਾਇਕ ਪ੍ਰਿਤਪਾਲ ਸਿੰਘ ਅਤੇ ਸ਼ਹੀਦ ਹਰਮਿੰਦਰ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਹੈ।
Advertisement