ਹੱਥਕੜੀ ਨਾਲ ਜਕੜੇ ਮਜ਼ਦੂਰ ਆਗੂ ਵੱਲੋਂ ਪਿਤਾ ਦਾ ਸਸਕਾਰ
ਪਰਮਜੀਤ ਸਿੰਘ ਕੁਠਾਲਾ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ (ਜੈੱਡ ਪੀ ਐੱਸ ਸੀ) ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਹੱਥਕੜੀਆਂ ’ਚ ਜਕੜੇ ਹੱਥਾਂ ਨਾਲ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ। ਬਿੱਕਰ ਸਿੰਘ ਹਥੋਆ ਦੇ ਪਿਤਾ ਬੰਤ ਸਿੰਘ ਦਾ 12 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਬੇਚਿਰਾਗ ਪਿੰਡਾਂ ’ਚ ਚਿਰਾਗ ਬਾਲ਼ ਕੇ ਜ਼ਮੀਨ ਉੱਪਰ ਬੇਜ਼ਮੀਨੇ ਕਿਰਤੀਆਂ ਦੇ ਹੱਕ ਲਈ ਚਲਾਏ ਜਾ ਰਹੇ ਸੰਘਰਸ਼ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਬਿੱਕਰ ਸਿੰਘ ਹਥੋਆ ਨੂੰ ਮੀਟਿੰਗ ਲਈ ਬੁਲਾ ਕੇ ਸੁਨਾਮ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਇਸ ਵੇਲੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਬੰਦ ਹੈ। ਪਿਤਾ ਦੀਆਂ ਆਖ਼ਰੀ ਰਸਮਾਂ ਪੂਰੀਆਂ ਕਰਨ ਲਈ ਅਦਾਲਤ ਨੇ ਬਿੱਕਰ ਸਿੰਘ ਹਥੋਆ ਨੂੰ ਕੇਵਲ ਇੱਕ ਦਿਨ ਦੀ ਪੈਰੋਲ ਦਿੱਤੀ ਹੈ। ਹਫ਼ਤੇ ਦੀ ਉਡੀਕ ਪਿੱਛੋਂ ਪੁਲੀਸ ਕਰਮਚਾਰੀ ਹੱਥਕੜੀਆਂ ਵਿੱਚ ਜਕੜੇ ਬਿੱਕਰ ਸਿੰਘ ਹਥੋਆ ਨੂੰ ਲੈ ਕੇ ਜਿਵੇਂ ਹੀ ਪਿੰਡ ਹਥੋਆ ਪਹੁੰਚੇ ਤਾਂ ਮਾਹੌਲ ਭਾਵੁਕ ਹੋ ਗਿਆ। ਹਥਕੜੀ ਲਾਏ ਬਿੱਕਰ ਸਿੰਘ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਅੰਤਿਮ ਰਸਮਾਂ ਨਿਭਾਈਆਂ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਭੁਪਿੰਦਰ ਸਿੰਘ ਲੌਂਗੋਵਾਲ, ਰੁਪਿੰਦਰ ਸਿੰਘ ਚੌਂਦਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਨਰਲ ਸਕੱਤਰ ਗੁਰਵਿੰਦਰ ਸਿੰਘ ਬੌੜਾਂ, ਧਰਮਵੀਰ ਹਰੀਗੜ੍ਹ, ਗੁਰਚਰਨ ਸਿੰਘ ਘਰਾਚੋਂ, ਪੀ ਐੱਸ ਯੂ ਵੱਲੋਂ ਕਮਲਦੀਪ ਕੌਰ ਤੇ ਸੁਖਦੀਪ ਸਿੰਘ ਹਥਨ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ, ਮਜ਼ਦੂਰ ਤੇ ਵਿਦਿਆਰਥੀ ਆਗੂਆਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂ ਰੁਪਿੰਦਰ ਚੌਂਦਾ ਨੇ ਦੱਸਿਆ ਕਿ ਬੰਤ ਸਿੰਘ ਨਮਿਤ ਭੋਗ ਅਤੇ ਸ਼ਰਧਾਂਜਲੀ ਸਮਾਗਮ 24 ਸਤੰਬਰ ਨੂੰ ਪਿੰਡ ਹਥੋਆ ਵਿੱਚ ਹੋਵੇਗਾ।