ਜਾਗੋ ’ਚ ਖਾਣ-ਪੀਣ ਦਾ ਸਾਮਾਨ ਘਟਣ ’ਤੇ ਹਲਵਾਈ ਕੁੱਟਿਆ
ਇਸ ਮਾਮਲੇ ਬਾਰੇ ਲਵਪ੍ਰੀਤ ਸਿੰਘ ਵਾਸੀ ਪਿੰਡ ਟਿੱਬਾ (ਸੰਗਰੂਰ) ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਨੱਥੋਵਾਲ (ਹਠੂਰ) ਦੇ ਘਰ ਜਾਗੋ ਸੀ। ਇਸ ਵਿੱਚ ਕੇਟਰਿੰਗ ਦਾ ਸਮੁੱਚਾ ਪ੍ਰਬੰਧ ਹਲਵਾਈ ਹਰਦੀਪ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ ਛੰਨਾ ਵੱਲੋਂ ਕੀਤਾ ਗਿਆ ਸੀ। ਸਮਾਗਮ ਵਿੱਚ ਇਕੱਠ ਦੱਸੇ ਤੋਂ ਵੱਧ ਹੋ ਗਿਆ, ਜਿਸ ਕਾਰਨ ਸਮਾਗਮ ਵਿੱਚ ਸਾਮਾਨ ਥੁੜ੍ਹ ਗਿਆ। ਇਸ ਗੱਲ ਤੋਂ ਖਫ਼ਾ ਪਰਿਵਾਰ ਵਾਲਿਆਂ ਨੇ ਹਲਵਾਈ ਹਰਦੀਪ ਸਿੰਘ ਨਾਲ ਗਾਲੀ-ਗਲੋਚ ਕੀਤੀ। ਫਿਰ ਰਾਤ ਨੂੰ ਜਦੋਂ ਸਮਾਗਮ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਹਲਵਾਈ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤ ਹਲਵਾਈ ਹਰਦੀਪ ਸਿੰਘ ਅਤੇ ਉਸ ਦੇ ਮਾਮੇ ਦੇ ਲੜਕੇ ਲਵਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਹਠੂਰ ਦੇ ਸਹਾਇਕ ਸਬ-ਇੰਸਪੈਕਟਰ ਸੁਲੱਖਣ ਸਿੰਘ ਨੇ ਜ਼ੋਰਾ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਦਿਨੇਸ਼ ਪਾਸਵਾਨ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਦਿਨੇਸ਼ ਪਾਸਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਚ.ਓ. ਕੁਲਜਿੰਦਰ ਸਿੰਘ ਨੇ ਆਖਿਆ ਕਿ ਕੇਸ ਵਿੱਚ ਨਾਮਜ਼ਦ ਦੂਸਰੇ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।