ਅੱਧੀ ਦਰਜਨ ਮਜ਼ਦੂਰ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਸਾਉਂਕੇ, ਕਾਕਾ ਸਿੰਘ ਖੁੰਡੇ ਹਲਾਲ, ਤਰਸੇਮ ਸਿੰਘ ਖੁੰਡੇ ਹਲਾਲ, ਬਾਜਾ ਸਿੰਘ ਭੁੱਟੀਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਹਰਜੀਤ ਸਿੰਘ ਮਦਰੱਸਾ ਤੇ ਗੁਰਜੀਤ ਸਿੰਘ ਕਰਾਈਵਾਲਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਸੀਰਵਾਲੀ, ਤੋਤਾ ਸਿੰਘ, ਵੀਰਪਾਲ ਕੌਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਨਾਨਕ ਚੰਦ ਬਜਾਜ, ਮਹਿੰਗਾ ਰਾਮ ਦੋਦਾ ਹੋਰਾਂ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਸਦਕਾ ਹੋਈਆਂ ਇਨਸਾਨੀ ਮੌਤਾਂ ਲਈ ਘੱਟੋ ਘੱਟ 25 ਲੱਖ ਰੁਪਏ, ਮਜ਼ਦੂਰਾਂ ਦੇ ਤਬਾਹ ਹੋਏ ਘਰਾਂ ਲਈ 15 ਲੱਖ ਰੁਪਏ, ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ ਦੀ ਰਾਸ਼ੀ ਗਰਾਂਟ ਵਜੋਂ ਦਿੱਤੀ ਜਾਵੇ, ਮਰੇ ਦੁਧਾਰੂ ਪਸ਼ੂਆਂ ਦਾ ਪ੍ਰਤੀ ਪਸ਼ੂ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਤੋਂ ਇਲਾਵਾ ਫ਼ਸਲਾਂ, ਜ਼ਮੀਨਾਂ ਵਗੈਰਾ ਦੀ ਬਰਬਾਦੀ ਨੂੰ ਝੱਲਣ ਵਾਲੇ ਲੋਕਾਂ ਦੇ ਨੁਕਸਾਨ ਦੀ ਸੌ ਫ਼ੀਸਦੀ ਪੂਰਤੀ ਕੀਤੀ ਜਾਵੇ। ਇਸੇ ਤਰ੍ਹਾਂ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦਿਹਾੜੀਆਂ ਦੀ ਭਰਪਾਈ ਵਾਸਤੇ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ’ਚ ਖੇਤ ਮਜ਼ਦੂਰ ਔਰਤਾਂ ਵੀ ਹਾਜ਼ਰ ਸਨ।