ਗੁਰੂ ਸਾਹਿਬ ਦਾ ਭਾਈਚਾਰਕ ਸਾਂਝ ਸੁਨੇਹਾ ਅੱਜ ਵੀ ਪ੍ਰਸੰਗਕ: ਮਾਨ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀਨਗਰ ਤੋਂ ਸਜਾਇਆ ਨਗਰ ਕੀਰਤਨ ਅੱਜ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸਣੇ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਰਹੇ। ਨਗਰ ਕੀਰਤਨ ਦਾ ਰਾਹ ਵਿੱਚ ਥਾਂ-ਥਾਂ ’ਤੇ ਸੰਗਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਵਾਗਤ ਕੀਤਾ। ਇਹ ਨਗਰ ਕੀਰਤਨ ਕੁੱਲ 544 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਜੰਮੂ, ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਤੇ ਗੜ੍ਹਸ਼ੰਕਰ ਤੇ ਹੋਰ ਨਗਰਾਂ ਵਿੱਚੋਂ ਲੰਘਦੇ ਹੋਏ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪੁੱਜੇਗਾ। ਨਗਰ ਕੀਰਤਨ ਅੱਜ ਜੰਮੂ ਵਿੱਚ, 20 ਦੀ ਰਾਤ ਪਠਾਨਕੋਟ ਅਤੇ 21 ਨਵੰਬਰ ਦੀ ਰਾਤ ਹੁਸ਼ਿਆਰਪੁਰ ਵਿੱਚ ਠਹਿਰੇਗਾ। ਇਸ ਦੌਰਾਨ ਗਤਕੇ ਦੀਆਂ ਟੀਮਾਂ ਨੇ ਜੌਹਰ ਦਿਖਾਏ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਗੁਰੂ ਤੇਗ ਬਹਾਦਰ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸ਼ਾਂਤੀ, ਮਨੁੱਖਤਾ, ਪਿਆਰ ਅਤੇ ਭਾਈਚਾਰ ਸਾਂਝ ਦਾ ਵਿਸ਼ਵਵਿਆਪੀ ਸੁਨੇਹਾ ਸਮਕਾਲੀ ਕੌਮੀ ਅਤੇ ਕੌਮਾਂਤਰੀ ਦ੍ਰਿਸ਼ਟੀਕੋਣ ਵਿੱਚ ਅਜੋਕੇ ਦੌਰ ਵਿੱਚ ਵੀ ਪ੍ਰਸੰਗਕ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਭਰ ਵਿੱਚ 1 ਤੋਂ 18 ਨਵੰਬਰ ਤੱਕ ਲਾਈਟ ਐਂਡ ਸਾਊਂਡ ਸੋਅ ਕਰਵਾਏ ਗਏ। 20 ਨਵੰਬਰ ਨੂੰ ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ), ਫ਼ਰੀਦਕੋਟ ਅਤੇ ਗੁਰਦਾਸਪੁਰ ਤੋਂ ਤਿੰਨ ਨਗਰ ਕੀਰਤਨ ਸਜਾਏ ਜਾਣਗੇ। ਇਹ ਸਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪੁੱਜਣਗੇ। 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੱਡੇ ਪੱਧਰ ’ਤੇ ਸਮਾਗਮ ਹੋਣਗੇ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ 24 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਸ ਤੋਂ ਬਾਅਦ 25 ਨਵੰਬਰ ਨੂੰ ਸੂਬਾ ਪੱਧਰੀ ਖੂਨਦਾਨ ਕੈਂਪ ਲਾਏ ਜਾਣਗੇ ਤੇ ਜੰਗਲਾਤ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਬੂਟੇ ਲਏ ਜਾਣਗੇ। ਸੂਬਾ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਲਈ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸੱਦਾ ਦਿੱਤੇ ਗਏ ਹਨ।
