ਮਹਾਰਾਸ਼ਟਰ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਰੋਹ ਮੁੰਬਈ ਦੇ ਦਾਦਰ ਸਥਿਤ ਯੋਗੀ ਹਾਲ ਵਿੱਚ ਕੀਤਾ ਗਿਆ। ਇਸ ਸਮਾਰੋਹ ਦੀ ਅਗਵਾਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੀਤੀ। ਸਮਾਗਮ ਦੌਰਾਨ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਜੀਵਨਗਾਥਾ ਨੂੰ ਸਮਰਪਿਤ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਹਿੰਦ ਦੀ ਚਾਦਰ’ ਜਾਰੀ ਕੀਤਾ ਗਿਆ।ਸਿੱਖ ਤਾਲਮੇਲ ਕਮੇਟੀ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਅਨੁਸਾਰ ਸਮਾਗਮ ਵਿੱਚ ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਰੇ ਭਾਰਤੀ ਧਰਮਾਂ ਦੇ ਰੱਖਿਅਕ ਸਨ, ਇਸੇ ਕਰ ਕੇ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਮਜਬੂਰ ਕੀਤਾ, ਤਾਂ ਗੁਰੂ ਸਾਹਿਬ ਨੇ ਉਨ੍ਹਾਂ ਦੀ ਰੱਖਿਆ ਲਈ ਆਪਣਾ ਸੀਸ ਅਰਪਣ ਕੀਤਾ ਸੀ। ਉਨ੍ਹਾਂ ਦੀ ਸ਼ਹਾਦਤ ਨੇ ਜੁਲਮ ਖ਼ਿਲਾਫ਼ ਸੱਚ ਦੀ ਆਵਾਜ਼ ਬੁਲੰਦ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਿਹੜੀ ਆਜ਼ਾਦੀ, ਧਾਰਮਿਕ ਆਜ਼ਾਦੀ ਤੇ ਵਿਸ਼ਵਾਸ ਦੀ ਖੁੱਲ੍ਹੀ ਹਵਾ ਵਿੱਚ ਅਸੀਂ ਸਾਹ ਲੈ ਰਹੇ ਹਾਂ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦਾ ਪ੍ਰਸਾਦ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਮਾਜਿਕ ਏਕਤਾ ਦਾ ਨਹੀਂ, ਸਗੋਂ ਭਾਰਤ ਦੀ ਸਾਂਝੀ ਆਧਿਆਤਮਕ ਸੰਸਕ੍ਰਿਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਇਸ ਅਨਮੋਲ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।
ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਹਾਰਾਸ਼ਟਰ ਸਰਕਾਰ ਅਤੇ ਖ਼ਾਸ ਤੌਰ ’ਤੇ ਮੁੱਖ ਮੰਤਰੀ ਫੜਨਵੀਸ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਪ੍ਰਗਟ ਕੀਤੀ ਸ਼ਰਧਾ ਤੇ ਉਨ੍ਹਾਂ ਦੀ ਸ਼ਹੀਦੀ ਨੂੰ ਸੂਬਾ ਪੱਧਰ ’ਤੇ ਯਾਦਗਾਰੀ ਢੰਗ ਨਾਲ ਮਨਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਸਿੱਖ ਭਾਈਚਾਰੇ ਲਈ ਮਾਣ ਦਾ ਵਿਸ਼ਾ ਹੈ, ਸਗੋਂ ਪੂਰੇ ਭਾਰਤ ਵਿੱਚ ਧਾਰਮਿਕ ਸਹਿਣਸ਼ੀਲਤਾ, ਆਦਰ ਤੇ ਕੌਮੀ ਚੇਤਨਾ ਦੇ ਪ੍ਰਤੀਕ ਵਜੋਂ ਪ੍ਰੇਰਨਾ ਦਿੰਦਾ ਹੈ।
ਸਮਾਗਮ ਦੌਰਾਨ ਇਕ ਵਰਕਸ਼ਾਪ ਦੀ ਸ਼ੁਰੂਆਤ ਵੀ ਕੀਤੀ ਗਈ। ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸਬੰਧਤ ਵਿਸ਼ਿਆਂ ’ਤੇ ਆਧਾਰਤ ਵਿਸ਼ੇਸ਼ ਵੈੱਬਸਾਈਟ ਤੇ ਇਤਿਹਾਸਕ ਪ੍ਰਕਾਸ਼ਨਾ ਦਾ ਵੀ ਇਸ ਮੌਕੇ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਬਾਬੂ ਸਿੰਘ ਮਹਾਰਾਜ ਰਾਠੌੜ, ਮੰਤਰੀ ਗਿਰੀਸ਼ ਮਹਾਜਨ, ਘੱਟ ਗਿਣਤੀ ਵਿਭਾਗ ਦੇ ਸਕੱਤਰ ਰੁਚੇਸ਼ ਜੈਵੰਸ਼ੀ, ਗਾਇਕ ਸਤਿੰਦਰ ਸਰਤਾਜ, ਮਹੰਤ ਸੁਨੀਲ ਮਹਾਰਾਜ, ਸਵਾਮੀ ਹੀਰਾਨੰਦ, ਰਾਮੇਸ਼ਵਰ ਨਾਇਕ, ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੈਪੀ ਸਿੰਘ, ਤਾਲਮੇਲ ਕਮੇਟੀ ਮੁਖੀ ਜਸਪਾਲ ਸਿੰਘ ਸਿੱਧੂ ਅਤੇ ਚੇਅਰਮੈਨ, ਪੰਜਾਬੀ ਅਕੈਡਮੀ ਮਲਕੀਤ ਸਿੰਘ ਬੱਲ ਸਣੇ ਕਈ ਪਤਵੰਤੇ ਹਾਜ਼ਰ ਸਨ।