ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ: ਸੂਬੇ ਦੀਆਂ ਸਾਰੀਆਂ ਤਹਿਸੀਲਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਮੁਫ਼ਤ ਬੱਸ ਸੇਵਾ ਕੀਤੀ ਜਾਵੇਗੀ ਸ਼ੁਰੂ
ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਰਾਜ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 23 ਤੋਂ 25 ਨਵੰਬਰ ਤੱਕ ਪੰਜਾਬ ਦੀ ਹਰ ਤਹਿਸੀਲ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਵਿਸ਼ੇਸ਼ ਮੁਫਤ ਬੱਸ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਸੰਗਤ ਲਈ ਨਿਰਵਿਘਨ ਯਾਤਰਾ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੇ ਸਫ਼ਰ ਕਰਨ ਲਈ 500 ਈ-ਰਿਕਸ਼ਾ ਅਤੇ 100 ਮਿੰਨੀ-ਬੱਸਾਂ ਪਵਿੱਤਰ ਸ਼ਹਿਰ ਦੇ ਅੰਦਰ ਚੱਲਣਗੀਆਂ ਤੇ ਸੰਗਤਾਂ ਲਈ ਮੁਫਤ ਸਫਰ ਦੀ ਸਹੂਲਤ ਹੋਵੇਗੀ।
ਸ੍ਰੀ ਬੈਂਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਦੇਸ਼ ਤੇ ਦੁਨੀਆ ਭਰ ਤੋਂ 1 ਕਰੋੜ ਤੋਂ ਵੱਧ ਸੰਗਤ ਦੇ ਆਉਣ ਦੀ ਉਮੀਦ ਹੈ। ਪੰਜਾਬ ਸਰਕਾਰ ਵਲੋਂ 19 ਤੋਂ 30 ਨਵੰਬਰ ਤੱਕ ਰੋਜ਼ਾਨਾ 11,000 ਤੋਂ ਵੱਧ ਸੰਗਤ ਦੇ ਠਹਿਰਨ ਲਈ ਤਿੰਨ ਵੱਡੀਆਂ ‘ਟੈਂਟ ਸਿਟੀਜ਼’ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਪ੍ਰਮੁੱਖ ਰਸਤਿਆਂ ਉਤੇ 106 ਏਕੜ ਤੋਂ ਵੱਧ ਰਕਬੇ ਵਿੱਚ ਪਾਰਕਿੰਗ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮ ਲੋਕਾਂ ਲਈ ਯਾਦਗਾਰ ਹੋਣਗੇ।
