ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਗੁਰੂ ਨਾਨਕ ਦੇਵ ਦਾ ਜੋਤੀ-ਜੋਤ ਦਿਵਸ ਮਨਾਇਆ
ਜਗਤਾਰ ਸਿੰਘ ਲਾਂਬਾ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਸੰਗਤ ਵਾਸਤੇ ਖੋਲ੍ਹਣ ਤੋਂ ਬਾਅਦ ਅੱਜ ਗੁਰੂ ਨਾਨਕ ਦੇਵ ਦਾ ਜੋਤੀ-ਜੋਤ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਸਰਹੱਦ ’ਤੇ ਅਰਦਾਸ ਵੀ ਕੀਤੀ ਗਈ। ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਦਾ ਹੋਰ ਨੇੜਲਾ ਇਲਾਕਾ ਵੀ ਪ੍ਰਭਾਵਿਤ ਹੋਇਆ ਸੀ। ਗੁਰਦੁਆਰਾ ਕੰਪਲੈਕਸ ਵਿੱਚ ਪੰਜ ਤੋਂ ਛੇ ਫੁੱਟ ਤੱਕ ਪਾਣੀ ਭਰ ਗਿਆ ਸੀ ਤੇ ਗਾਰ ਇਕੱਠੀ ਹੋ ਗਈ ਸੀ। ਇਸ ਕਾਰਨ ਕੁਝ ਦਿਨਾਂ ਵਾਸਤੇ ਗੁਰਦੁਆਰੇ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਮਗਰੋਂ ਗੁਰਦੁਆਰੇ ਵਿੱਚੋਂ ਪਾਣੀ ਕੱਢਣ ਅਤੇ ਸਫ਼ਾਈ ਕਰਨ ਮਗਰੋਂ ਮੁੜ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ।
ਗੁਰੂ ਨਾਨਕ ਦੇਵ ਦੇ ਜੋਤੀ-ਜੋਤ ਦਿਵਸ ਦੇ ਸਬੰਧ ਵਿੱਚ ਅਖੰਡ ਪਾਠ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਅੱਜ ਭੋਗ ਪਾਇਆ ਗਿਆ ਹੈ। ਇਸ ਮੌਕੇ ਪਾਕਿਸਤਾਨ ਦੀ ਸਿੱਖ ਤੇ ਹਿੰਦੂ ਸੰਗਤ ਵੱਡੇ ਪੱਧਰ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜੀ। ਅਖੰਡ ਪਾਠ ਦੇ ਭੋਗ ਮਗਰੋਂ ਗੁਰਬਾਣੀ ਕੀਰਤਨ ਅਤੇ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਵੀ ਸਜਾਇਆ ਗਿਆ ਜੋ ਸਰਹੱਦ ਤੱਕ ਆਇਆ ਅਤੇ ਉੱਥੇ ਸੰਗਤ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਭਾਰਤੀ ਸਰਹੱਦ ਵੱਲ ਮੂੰਹ ਕਰ ਕੇ ਅਰਦਾਸ ਕੀਤੀ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਸਰਕਾਰਾਂ ਨੂੰ ਅਪੀਲ ਕੀਤੀ।
ਇਸ ਮੌਕੇ ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਯੂਕੇ, ਕੈਨੇਡਾ, ਆਸਟਰੇਲੀਆ ਸਣੇ ਹੋਰ ਦੇਸ਼ਾਂ ਤੋਂ ਸੰਗਤ ਪੁੱਜੀ ਹੋਈ ਸੀ ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਕੁੜੱਤਣ ਵਾਲੇ ਸਬੰਧਾਂ ਕਾਰਨ ਭਾਰਤੀ ਸ਼ਰਧਾਲੂਆਂ ਦੀ ਆਮਦ ’ਤੇ ਪਾਬੰਦੀ ਹੋਣ ਕਾਰਨ ਭਾਰਤ ਵੱਲੋਂ ਕੋਈ ਵੀ ਸ਼ਰਧਾਲੂ ਸ਼ਾਮਲ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ’ਤੇ ਵੀ ਰੋਕ ਲਾਈ ਗਈ ਹੈ। ਇਸ ਦਾ ਸਿੱਖ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਅੱਜ ਹੋਏ ਇਸ ਸਮਾਗਮ ਵਿੱਚ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਪੀ ਐੱਸ ਜੀ ਪੀ ਸੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵੱਲੋਂ ਇਸ ਯਾਦਗਾਰੀ ਦਿਵਸ ’ਤੇ ਬੂਟਾ ਲਾਇਆ ਗਿਆ।