ਗੁਰੂ ਕਾਸ਼ੀ ’ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਹੁੱਲੜਬਾਜ਼ੀ
ਲੜਕੀਆਂ ਨੂੰ ਲਿਜਾ ਰਹੀਆਂ ਬੱਸਾਂ ਘੇਰੀਆਂ; ਸਥਾਨਕ ਲੋਕਾਂ ਨੇ ਪੁਲੀਸ ਬੁਲਾਈ
Advertisement
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਇੱਥੇ ਅੱਜ ਤਲਵੰਡੀ ਸਾਬੋ ਰੋਡ ’ਤੇ ਹੁੱਲੜਬਾਜ਼ੀ ਕੀਤੀ। ਇਹ ਵਿਦਿਆਰਥੀ ਰਾਮਾਂ ਮੰਡੀ ਦੇ ਪ੍ਰਾਈਵੇਟ ਹੋਸਟਲਾਂ ਵਿੱਚ ਰਹਿੰਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਨੂੰ ਜਾਣ ਵਾਲੀਆਂ ਲੜਕੀਆਂ ਦੀਆਂ ਬੱਸਾਂ ਨੂੰ ਘੇਰ ਲਿਆ। ਇਸ ਮਗਰੋਂ ਇਕੱਤਰ ਹੋਏ ਲੋਕਾਂ ਨੇ ਬੱਸਾਂ ਨੂੰ ਸੁਰੱਖਿਅਤ ਜਾਣ ਦਿੱਤਾ ਤੇ ਇਸ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਜਦੋਂ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ।ਇਨ੍ਹਾਂ ਪ੍ਰਾਈਵੇਟ ਹੋਸਟਲਾਂ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਦੂਜੇ ਸੂਬਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਰਾਤ ਸਮੇਂ ਪਟਾਕੇ ਚਲਾ ਕੇ ਜਾਂ ਰੌਲਾ ਪਾ ਕੇ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ।
ਸੂਚਨਾ ਮਿਲਣ ’ਤੇ ਪੁੱਜੇ ਯੂਨੀਵਰਸਿਟੀ ਦੇ ਸੁਰੱਖਿਆ ਮੁਖੀ ਦੇਸ਼ ਰਾਜ ਨੇ ਆਪਣੀ ਟੀਮ ਸਣੇ ਵਿਦਿਆਰਥੀਆਂ ਨਾਲ ਗੱਲ ਕੀਤੀ ਜਿਸ ਮਗਰੋਂ ਇੱਕ ਵਾਰ ਮਾਮਲਾ ਸ਼ਾਤ ਹੋ ਗਿਆ। ਇਸ ਬਾਰੇ ਗੱਲਬਾਤ ਕਰਦੇ ਹੋਏ ਦੇਸ਼ ਰਾਜ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਅਜਿਹਾ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
ਇਸ ਬਾਰੇ ਥਾਣਾ ਰਾਮਾਂ ਮੁਖੀ ਬੇਅੰਤ ਸਿੰਘ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦਾ ਮਾਮਲਾ ਸੁਲਝਾ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕੇਸ ਦਰਜ ਨਹੀਂ ਸੀ ਕੀਤਾ ਗਿਆ।
Advertisement