ਗੁਰੂ ਗੋਬਿੰਦ ਸਿੰਘ ਦੇ ਜੋੜੇ: ‘ਚਰਨ ਸੁਹਾਵੇ’ ਯਾਤਰਾ 23 ਤੋਂ
ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਜੋੜੇ ਦਿੱਲੀ ਤੋਂ ਤਖ਼ਤ ਪਟਨਾ ਸਾਹਿਬ ਲਿਜਾਏ ਜਾਣਗੇ, ਜਿਸ ਸਬੰਧੀ ‘ਚਰਨ ਸੁਹਾਵੇ’ ਯਾਤਰਾ 23 ਅਕਤੂਬਰ ਨੂੰ ਸ਼ੁਰੂ ਕੀਤੀ ਜਾਵੇਗੀ। ਇਹ ਜੋੜੇ ਕੇਂਦਰੀ ਕੈਬਨਿਟ ਮੰਤਰੀ ਹਰਦੀਪ ਪੁਰੀ ਦੇ ਪਰਿਵਾਰ ਕੋਲ ਹਨ, ਜਿਨ੍ਹਾਂ ਨੇ ਇਹ ਅਮਾਨਤ ਸਿੱਖ ਕੌਮ ਦੇ ਤਖ਼ਤ ਪਟਨਾ ਸਾਹਿਬ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਮੁੰਬਈ ਤੋਂ ਸਿੱਖ ਆਗੂ ਜਸਬੀਰ ਸਿੰਘ ਧਾਮ ਨੇ ਦੱਸਿਆ ਕਿ ਇਹ ਜੋੜੇ 300 ਸਾਲਾਂ ਤੋਂ ਹਰਦੀਪ ਪੁਰੀ ਦੇ ਪਰਿਵਾਰ ਕੋਲ ਹਨ। ਉਨ੍ਹਾਂ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਅਤੇ ਹੁਣ ਇਹ ਜੋੜੇ ਪਰਿਵਾਰ ਵੱਲੋਂ ਤਖ਼ਤ ਪਟਨਾ ਸਾਹਿਬ ਨੂੰ ਭੇਟ ਕੀਤੇ ਜਾ ਰਹੇ ਹਨ। ਇਹ ਜੋੜੇ ਸੰਗਤ ਦੇ ਦਰਸ਼ਨ ਲਈ ਰੱਖੇ ਜਾਣਗੇ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਾਂਭ-ਸੰਭਾਲ ਕੀਤੀ ਜਾਵੇਗੀ। ਜੋੜੇ ਦਿੱਲੀ ਤੋਂ ਤਖ਼ਤ ਪਟਨਾ ਸਾਹਿਬ ਤੱਕ ਯਾਤਰਾ ਦੇ ਰੂਪ ਵਿੱਚ ਲਿਜਾਏ ਜਾਣਗੇ। ਇਸ ਯਾਤਰਾ ਨੂੰ ‘ਚਰਨ ਸੁਹਾਵੇ’ ਯਾਤਰਾ ਦਾ ਨਾਂਅ ਦਿੱਤਾ ਗਿਆ ਹੈ ਅਤੇ ਇਹ 23 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਵੇਗੀ ਤੇ 31 ਅਕਤੂਬਰ ਨੂੰ ਪਟਨਾ ਸਾਹਿਬ ਪੁੱਜੇਗੀ। ਯਾਤਰਾ ਦਿੱਲੀ ਤੋਂ ਆਰੰਭ ਹੋ ਕੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚੋਂ ਲੰਘੇਗੀ। ਇਸ ਦੌਰਾਨ 23 ਅਕਤੂਬਰ ਨੂੰ ਫ਼ਰੀਦਾਬਾਦ, 24 ਨੂੰ ਆਗਰਾ, 25 ਨੂੰ ਬਰੇਲੀ, 26 ਨੂੰ ਮਹਾਗਪੁਰ, 27 ਨੂੰ ਲਖਨਊ, 28 ਨੂੰ ਕਾਨਪੁਰ, 29 ਨੂੰ ਅਲਾਹਾਬਾਦ, 30 ਨੂੰ ਸਾਸਾਰਾਮ ਵਿੱਚ ਰਾਤ ਦਾ ਠਹਿਰਾਅ ਹੋਵੇਗਾ ਅਤੇ 31 ਅਕਤੂਬਰ ਨੂੰ ਯਾਤਰਾ ਪਟਨਾ ਸਾਹਿਬ ਪੁੱਜੇਗੀ। ਯਾਤਰਾ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।