ਹਥਿਆਰਬੰਦਾਂ ਵੱਲੋਂ ਗੋਲੀ ਮਾਰ ਕੇ ਹੱਤਿਆ
ਗੁਰਬਖਸ਼ਪੁਰੀ
ਇਲਾਕੇ ਦੇ ਪਿੰਡ ਮਾਨੋਚਾਹਲ ਕਲਾਂ ਦੇ ਵਾਸੀ ਦੀ ਅੱਜ ਦੋ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ (41) ਵਜੋਂ ਹੋਈ। ਮ੍ਰਿਤਕ ਦੇ ਸਹੁਰਾ ਮਨਜੀਤ ਸਿੰਘ ਵਾਸੀ ਵਰਪਾਲ ਨੇ ਦੱਸਿਆ ਕਿ ਦਿਲਬਾਗ ਸਿੰਘ ਆਪਣੀ ਤਰਨ ਤਾਰਨ ਸਥਿਤ ਰਿਹਾਇਸ਼ ਤੋਂ ਪਿੰਡ ਵਿੱਚ ਬਣਾਈ ਕੋਠੀ ਦੀ ਸਫਾਈ ਕਰਨ ਲਈ ਗਿਆ ਸੀ। ਇਸ ਦੌਰਾਨ ਐਕਟਿਵਾ ’ਤੇ ਆਏ ਦੋ ਹਥਿਆਰਬੰਦ ਵਿਅਕਤੀ ਜ਼ਬਰਦਸਤੀ ਅੰਦਰ ਦਾਖਲ ਹੋ ਗਏ| ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਇਕ ਨੇ ਦਿਲਬਾਗ ਸਿੰਘ ’ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ| ਸਥਾਨਕ ਥਾਣਾ ਸਦਰ ਦੇ ਐੱਸਐੱਚਓ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿਣਤੀ ਬਾਰੇ ਅਜੇ ਪੁਸ਼ਟੀ ਕੀਤੀ ਜਾਣੀ ਹੈ| ਉਨ੍ਹਾਂ ਮੌਕੇ ਆਏ ਮੁਲਜ਼ਮਾਂ ਦੀ ਪਛਾਣ ਦਿੱਲੀ ਅਤੇ ਹਰਪਾਲ ਸਿੰਘ ਵਜੋਂ ਦੱਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦਿੱਲੀ ਅਤੇ ਹਰਪਾਲ ਸਿੰਘ ਮ੍ਰਿਤਕ ਦਿਲਬਾਗ ਸਿੰਘ ਦੇ ਭਰਾ ਭੁਪਿੰਦਰ ਸਿੰਘ ਨਾਲ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੰਦ ਰਹੇ ਹਨ ਅਤੇ ਉਹ ਜ਼ਮਾਨਤ ’ਤੇ ਆਏ ਹੋਏ ਹਨ। ਮ੍ਰਿਤਕ ਦਿਲਬਾਗ ਸਿੰਘ ਦਾ ਇੱਕ ਪੁੱਤਰ ਹੈ ਜਿਸ ਦਾ ਵਿਦੇਸ਼ ਜਾਣ ਲਈ ਅਜੇ ਕੁਝ ਦਿਨ ਪਹਿਲਾਂ ਹੀ ਵੀਜ਼ਾ ਲੱਗਿਆ ਹੈ। ਇਸ ਦੌਰਾਨ ਡੀਐੱਸਪੀ ਅਤੁਲ ਸੋਨੀ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ|