ਪਾਣੀ ਦੀ ਵਾਰੀ ਕਾਰਨ ਮੌਜੂਖੇੜਾ ’ਚ ਗੋਲੀ ਚੱਲੀ
ਇੱਥੋਂ ਦੇ ਪਿੰਡ ਮੌਜੂਖੇੜਾ ਵਿੱਚ ਪਾਣੀ ਦੀ ਵਾਰੀ ਕਾਰਨ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਰਸਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਵਿੰਦਰ ਸਿੰਘ ਵਾਸੀ ਢਾਣੀ ਨਕੌੜਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਮੌਜੂਖੇੜਾ ਦੀ ਪੰਚਾਇਤੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ ਅੱਜ ਉਹ ਆਪਣੀ ਵਾਰੀ ਅਨੁਸਾਰ ਜ਼ਮੀਨ ’ਚ ਲੱਗੇ ਟਿਊਬਵੈੱਲ ਤੋਂ ਪਾਣੀ ਲਗਾਉਣ ਲਈ ਗਏ ਸਨ। ਉਸ ਦਾ ਭਰਾ ਸੁਰਿੰਦਰ ਅਤੇ ਚਾਚਾ ਹਰਮੀਤ ਸਿੰਘ ਵੀ ਉਸ ਦੇ ਨਾਲ ਖੇਤ ਗਏ ਸਨ। ਸ਼ਿਕਾਇਤਕਰਤਾ ਮੁਤਾਬਕ ਗੁਰਸੇਵਕ ਸਿੰਘ ਤੇ ਉਸ ਦਾ ਪਿਤਾ ਹਾਕਮ ਸਿੰਘ ਵਾਸੀ ਮੌਜੂਖੇੜਾ ਢਾਣੀ ਵੀ ਮੌਕੇ ’ਤੇ ਆਏ ਅਤੇ ਜ਼ਬਰਦਸਤੀ ਟਿਊਬਵੈੱਲ ਤੋਂ ਪਾਣੀ ਲਾਉਣ ਲੱਗ ਪਏ, ਜਦੋਂ ਦਵਿੰਦਰ ਸਿੰਘ ਤੇ ਹਰਮੀਤ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁਰਸੇਵਕ ਸਿੰਘ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਦਵਿੰਦਰ ਸਿੰਘ, ਹਰਮੀਤ ਸਿੰਘ ਜ਼ਖਮੀ ਹੋ ਗਏ। ਹੱਥੋਪਾਈ ਦੌਰਾਨ ਖੁਦ ਗੁਰਸੇਵਕ ਸਿੰਘ ਵੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਪਰਗਟ ਸਿੰਘ ਨੇ ਦੱਸਿਆ ਕਿ ਗੁਰਸਵੇਕ ਸਿੰਘ ਅਤੇ ਹਾਕਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ ਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।