ਗੁਲਾਬ ਸਿੱਧੂ ਨੇ ਗੀਤ ਲਈ ਸਰਪੰਚਾਂ ਤੋਂ ਮੁਆਫ਼ੀ ਮੰਗੀ
ਰਵਿੰਦਰ ਰਵੀ
ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਸਰਪੰਚਾਂ ਵਿਚਕਾਰ ਗੀਤ ਕਾਰਨ ਪੈਦਾ ਹੋਇਆ ਵਿਵਾਦ ਨਿੱਬੜ ਗਿਆ। ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ ਵਿੱਚ ‘ਸਣੇ ਸਰਪੰਚ ਸਾਰਾ ਪਿੰਡ ਕੁੱਟਦੂੰ’ ਗਾਇਆ ਸੀ, ਜਿਸ ’ਤੇ ਸਰਪੰਚਾਂ ਨੇ ਇਤਰਾਜ਼ ਕੀਤਾ ਅਤੇ ਸੰਘਰਸ਼ ਦਾ ਐਲਾਨ ਕਰਦੇ ਹੋਏ ਗੁਲਾਬ ਸਿੱਧੂ ਤੋਂ ਗੀਤ ਡਿਲੀਟ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਵੀਡੀਓ ਪਾ ਕੇ ਸਰਪੰਚਾਂ ਤੋਂ ਮੁਆਫ਼ੀ ਮੰਗੀ। ਕੱਲ੍ਹ ਗਾਇਕ ਨੇ ਇਤਰਾਜ਼ ਕਰ ਰਹੇ ਕੁਝ ਸਰਪੰਚਾਂ ਨਾਲ ਨਿੱਜੀ ਤੌਰ ’ਤੇ ਮਿਲ ਕੇ ਵੀ ਇਸ ਵਿਵਾਦ ਨੂੰ ਨਿਬੇੜਨ ਦਾ ਯਤਨ ਕੀਤਾ। ਅੱਜ ਸਰਪੰਚਾਂ ਨਾਲ ਮੁਲਾਕਾਤ ਦੌਰਾਨ ਉਸ ਨੇ ਕਿਹਾ ਕਿ ਉਹ ਇਤਰਾਜ਼ਯੋਗ ਸ਼ਬਦਾਂ ’ਤੇ ‘ਬੀਪ’ ਲਗਾ ਦੇਵੇਗਾ ਪਰ ਜਿੱਥੇ ਕਿਤੇ ਇਹ ਗੀਤ ਡਾਊਨਲੋਡ ਹੋ ਚੁੱਕਾ ਉਸ ਦਾ ਕੋਈ ਹੱਲ ਨਹੀਂ ਹੈ। ਉਸ ਨੇ ਸਰਪੰਚਾਂ ਨੂੰ ਦੱਸਿਆ ਕਿ ਦਰਅਸਲ ਉਸ ਨੇ ਇਹ ਗੀਤ ਕੰਪਨੀ ਨੂੰ ਵੇਚ ਦਿੱਤਾ ਹੈ ਅਤੇ ਇਸ ਕਾਰਨ ਉਸ ਦੇ ਹੱਥ ਵਿੱਚ ਕੁਝ ਵੀ ਨਹੀਂ, ਸਗੋਂ ਹੁਣ ਸਾਰਾ ਕੁਝ ਕੰਪਨੀ ਹੀ ਕਰ ਸਕਦੀ ਹੈ। ਮੁਲਾਕਾਤ ਵਿੱਚ ਹਾਜ਼ਰ ਸਰਪੰਚਾਂ ਨੇ ਗਾਇਕ ਨਾਲ ਗੀਤ ਦੇ ਸ਼ਬਦਾਂ ’ਤੇ ‘ਬੀਪ’ ਲਗਾਉਣ ਦੀ ਯੋਜਨਾ ਨਾਲ ਸਹਿਮਤੀ ਪ੍ਰਗਟ ਕੀਤੀ ਪਰ ਜਿੱਥੇ ਗੀਤ ਡਾਊਨਲੋਡ ਹੋ ਚੁੱਕਿਆ ਉਸ ਬਾਰੇ ਸਰਪੰਚ ਵੀ ਬੇਵੱਸ ਨਜ਼ਰ ਆਏ। ਗੁਲਾਬ ਸਿੱਧੂ ਨੂੰ ਮੁਆਫ਼ੀ ਦੇਣ ਤੋਂ ਬਾਅਦ ਸਰਪੰਚ ਗਾਇਕ ਨਾਲ ਸੈਲਫੀਆਂ ਲੈਣ ਲਈ ਇੱਕ ਦੂਜੇ ਤੋਂ ਅੱਗੇ ਹੁੰਦੇ ਦੇਖੇ ਗਏ।
