ਜੀ ਐੱਸ ਟੀ ਮਾਲੀਏ ’ਚ 22 ਫ਼ੀਸਦੀ ਦਾ ਵਾਧਾ: ਚੀਮਾ
ਪੰਜਾਬ ਸਰਕਾਰ ਦੇ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਧ ’ਚ ਜੀ ਐੱਸ ਟੀ ਮਾਲੀਏ ’ਚ 22.35 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਲੂ ਵਰ੍ਹੇ ਦੇ ਪਹਿਲੇ ਅੱਧ ’ਚ ਜੀ ਐੱਸ ਟੀ ਮਾਲੀਏ ’ਚ 2553 ਕਰੋੜ ਦਾ ਵਾਧਾ ਹੋਇਆ ਹੈ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਧ (ਅਪਰੈਲ-ਸਤੰਬਰ 2025) ਦੌਰਾਨ 13,971 ਕਰੋੜ ਰੁਪਏ ਦੀ ਕੁੱਲ ਜੀ ਐੱਸ ਟੀ ਵਸੂਲੀ ਹੋਈ ਹੈ ਜਦੋਂਕਿ ਪਿਛਲੇ ਸਾਲ ਦੀ ਇਸੇ ਸਮੇਂ ਦੌਰਾਨ ਜੀ ਐੱਸ ਟੀ ਵਸੂਲੀ 11,418 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਜੀ ਐੱਸ ਟੀ ਮਾਲੀਏ ਵਿੱਚ ਇਸ ਸਮੇਂ ਦੌਰਾਨ ਕੁੱਲ 2,553 ਕਰੋੜ ਰੁਪਏ ਦਾ ਵਾਧਾ ਸ਼ੁਭ ਸੰਕੇਤ ਹੈ। ਪੰਜਾਬ ਦੀ ਜੀ ਐੱਸ ਟੀ ਵਿਕਾਸ ਦਰ ਵਿੱਤੀ ਸਾਲ 2024-25 ਦੇ ਪਹਿਲੇ ਅੱਧ ਦੌਰਾਨ ਦੀ ਸਿਰਫ਼ ਪੰਜ ਫ਼ੀਸਦ ਤੋਂ ਵਧ ਕੇ ਵਿੱਤੀ ਸਾਲ 2025-26 ਵਿੱਚ 22.35 ਫ਼ੀਸਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਕਰੀਬ ਛੇ ਫ਼ੀਸਦੀ ਦੀ ਕੌਮੀ ਜੀ ਐੱਸ ਟੀ ਵਿਕਾਸ ਦਰ ਤੋਂ ਕਿਤੇ ਵਧ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵੈਟ ਅਤੇ ਸੀ ਐੱਸ ਟੀ ਅਧੀਨ ਪ੍ਰਾਪਤੀਆਂ ਵਿੱਚ 10 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਪੰਜਾਬ ਰਾਜ ਵਿਕਾਸ ਟੈਕਸ (ਪੀ ਐੱਸ ਡੀ ਟੀ) ਨੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਸਤੰਬਰ 2025 ਦੌਰਾਨ 11 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਸੂਬਿਆਂ ਦੀ ਕਾਰਗੁਜ਼ਾਰੀ ਸਤੰਬਰ ਮਹੀਨੇ ’ਚ ਨਕਾਰਾਤਮਕ ਰੁਝਾਨ ਵੱਲ ਰਹੀ ਹੈ ਜਦੋਂਕਿ ਪੰਜਾਬ ਨੇ ਕੌਮੀ ਔਸਤ ਨਾਲ ਕਿਤੇ ਮਜ਼ਬੂਤ ਕਾਰਗੁਜ਼ਾਰੀ ਦਿਖਾਈ ਹੈ।
ਉਨ੍ਹਾਂ ਦੱਸਿਆ ਕਿ ਇਸੇ ਸਤੰਬਰ ਮਹੀਨੇ ’ਚ ਪੰਜਾਬ ਨੇ 2140.82 ਕਰੋੜ ਰੁਪਏ ਪ੍ਰਾਪਤ ਕੀਤੇ ਜਦੋਂਕਿ ਸਤੰਬਰ 2024 ਵਿੱਚ 1,943 ਕਰੋੜ ਰੁਪਏ ਪ੍ਰਾਪਤ ਹੋਏ ਸਨ। ਉਨ੍ਹਾਂ ਟੈਕਸ ਚੋਰੀ ਰੋਕਣ ਦੇ ਯਤਨਾਂ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ 1,162 ਟੈਕਸਦਾਤਾਵਾਂ ਦਰਮਿਆਨ ਹੋਏ 246 ਕਰੋੜ ਰੁਪਏ ਦੇ ਅਯੋਗ ਇਨਪੁਟ ਟੈਕਸ ਕ੍ਰੈਡਿਟ (ਆਈ ਟੀ ਸੀ) ਨੂੰ ਰੋਕਿਆ ਗਿਆ।
ਧੋਖਾਧੜੀ ਦੇ ਮਾਮਲੇ ਵਿੱਚ ਚਾਰ ਕੇਸ ਦਰਜ
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਧੋਖਾਧੜੀ ਨਾਲ ਸਬੰਧਤ ਨੈੱਟਵਰਕਾਂ ਵਿਰੁੱਧ ਚਾਰ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਲੁਧਿਆਣਾ ਵਿੱਚ 500 ਕਰੋੜ ਰੁਪਏ ਅਤੇ ਫ਼ਤਹਿਗੜ੍ਹ ਵਿੱਚ 550 ਕਰੋੜ ਰੁਪਏ ਦੇ ਘਪਲੇ ਸ਼ਾਮਲ ਹਨ। ਇਸੇ ਤਰ੍ਹਾਂ ਅਪਰੈਲ-ਸਤੰਬਰ 2024 ਵਿੱਚ 106.36 ਕਰੋੜ ਰੁਪਏ ਤੋਂ ਵਧ ਕੇ ਅਪਰੈਲ-ਸਤੰਬਰ 2025 ਵਿੱਚ 355.72 ਕਰੋੜ ਦੀ ਜੁਰਮਾਨਾ ਵਸੂਲੀ ਹੋਈ ਹੈ।