ਗੁਰਦੁਆਰੇ ’ਚ ਸ਼ਰਾਬ ਤੇ ਮੀਟ ਦਾ ਸੇਵਨ ਕਰਦਾ ਗ੍ਰੰਥੀ ਕਾਬੂ
ਇੱਥੇ ਥਾਣਾ ਸਮਾਲਸਰ ਅਧੀਨ ਪਿੰਡ ਦੇ ਗ੍ਰੰਥੀ ਵੱਲੋਂ ਗੁਰਦੁਆਰੇ ਵਿੱਚ ਸ਼ਰਾਬ ਅਤੇ ਮੀਟ ਦਾ ਸੇਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਗ੍ਰੰਥੀ ਨੇ ਮੁਆਫ਼ੀ ਮੰਗ ਲਈ। ਥਾਣਾ ਸਮਾਲਸਰ ਮੁਖੀ ਜਨਕ ਰਾਜ ਸ਼ਰਮਾ ਨੇ ਕਿਹਾ ਕਿ ਉਹ ਗ੍ਰੰਥੀ ਖ਼ਿਲਾਫ਼ ਸ਼ਿਕਾਇਤ ਮਿਲਣ ’ਤੇ ਪਿੰਡ ਵਿੱਚ ਪਹੁੰਚੇ ਸਨ ਪਰ ਗੁਰਦੁਆਰਾ ਕਮੇਟੀ ਅਤੇ ਹੋਰ ਲੋਕਾਂ ਨੇ ਗ੍ਰੰਥੀ ਵੱਲੋਂ ਮੁਆਫ਼ੀ ਮੰਗਣ ਕਾਰਨ ਮਾਮਲਾ ਖ਼ਤਮ ਕਰ ਦਿੱਤਾ। ਗ੍ਰੰਥੀ ਖ਼ਿਲਾਫ਼ ਪਿੰਡ ਵਾਸੀਆਂ ਨੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਕੀਤੀ। ਇਸ ’ਤੇ ਕਮੇਟੀ ਮੈਂਬਰਾਂ ਨੇ ਗ੍ਰੰਥੀ ’ਤੇ ਨਜ਼ਰ ਰੱਖਣੀ ਸ਼ੁਰੂ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਇਸ ਘਟਨਾ ਬਾਬਤ ਅਹਿਮ ਸਬੂਤ ਮਿਲੇ। ਪਿੰਡ ਦੇ ਸਰਪੰਚ ਅਤੇ ਕਮੇਟੀ ਮੈਂਬਰਾਂ ਨੇ ਗੁਰਦੁਆਰੇ ਵਿੱਚ ਇਕੱਠ ਕਰਕੇ ਜਦੋਂ ਇਹ ਸਬੂਤ ਗ੍ਰੰਥੀ ਦੇ ਸਾਹਮਣੇ ਪੇਸ਼ ਕੀਤੇ ਤਾਂ ਗ੍ਰੰਥੀ ਨੇ ਆਪਣੀ ਗ਼ਲਤੀ ਮੰਨੀ। ਇਸ ’ਤੇ ਕਮੇਟੀ ਵਾਲਿਆਂ ਨੇ ਪਹਿਲਾਂ ਉਸ ਨੂੰ ਆਪਣੇ ਮੁਤਾਬਕ ਸਜ਼ਾ ਦਿੱਤੀ, ਮੁੜ ਪੁਲੀਸ ਵੀ ਬੁਲਾਈ ਗਈ ਪਰ ਬਾਅਦ ਵਿੱਚ ਗ੍ਰੰਥੀ ਨੇ ਪਿੰਡ ਦੇ ਲੋਕਾਂ ਸਾਹਮਣੇ ਮੁਆਫ਼ੀ ਮੰਗੀ ਤੇ ਭਵਿੱਖ ਵਿੱਚ ਅਜਿਹੀ ਗ਼ਲਤੀ ਨਾ ਕਰਨ ਬਾਰੇ ਭਰੋਸਾ ਦਿੱਤਾ। ਇਸ ਮਗਰੋਂ ਕਮੇਟੀ ਨੇ ਗ੍ਰੰਥੀ ਦੀ ਗੁਰਦੁਆਰੇ ਦੀ ਡਿਊਟੀ ਤੋਂ ਤੁਰੰਤ ਛੁੱਟੀ ਕਰ ਦਿੱਤੀ।