ਰਾਜਪਾਲ ਦਾ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਦੌਰਾ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਇਤਿਹਾਸਕ ਧਰੋਹਰ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ‘ਜਹਾਜ਼ੀ ਹਵੇਲੀ’ ਨੂੰ ਸਮਰਪਿਤ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦਾ ਵਫ਼ਦ ਰਾਜ ਭਵਨ ਪੁੱਜਿਆ ਜਿਸ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਆਉਣ ਲਈ ‘ਸੱਦਾ ਪੱਤਰ’ ਦਿੱਤਾ। ਵਫ਼ਦ ਦੀ ਅਗਵਾਈ ਕਰ ਰਹੇ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇ ਕੇ ਨੇ ਦੱਸਿਆ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ‘ਜਹਾਜ਼ੀ ਹਵੇਲੀ’ ਨੂੰ ਸੰਭਾਲਣ ਲਈ ਨਿਰਮਾਣ ਕਾਰਜਾਂ ਦੀ ਸੇਵਾ ਵੱਡੀ ਪੱਧਰ ’ਤੇ ਚੱਲ ਰਹੀ ਹੈ। ਫਾਊਂਡੇਸ਼ਨ ਵਲੋਂ ਇਹ ਨਿਰਮਾਣ ਕਾਰਜ ਦੇਖਣ ਲਈ ਉਨ੍ਹਾਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਹੈ। ਫਾਊਂਡੇਸ਼ਨ ਦਾ ‘ਸੱਦਾ ਪੱਤਰ’ ਸਵਿਕਾਰਦਿਆਂ ਰਾਜਪਾਲ ਵਲੋਂ ਭਲਕੇ 9 ਜੁਲਾਈ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਆਉਣ ਦਾ ਪ੍ਰੋਗਰਾਮ ਤੈਅ ਕਰ ਲਿਆ ਗਿਆ। ਉਨ੍ਹਾਂ ‘ਜਹਾਜੀ ਹਵੇਲੀ’ ਦੇ ਨਾਲ ਨਾਲ ਗੁਰਦਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਨ ਦੀ ਵੀ ਸ਼ਰਧਾ ਜ਼ਾਹਿਰ ਕੀਤੀ। ਵਫ਼ਦ ਵਿੱਚ ਸ਼ਾਮਲ ਨਾਭਾ ਰਿਆਸਤ ਤੋਂ ਮਹਾਰਾਣੀ ਪ੍ਰੀਤੀ ਸਿੰਘ ਨੂੰ ਸਨਮਾਨਿਤ ਵੀ ਕੀਤਾ। ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ, ਖਜ਼ਾਨਚੀ ਲਖਵਿੰਦਰ ਸਿੰਘ ਕੱਤਰੀ ਅਤੇ ਸੀਨੀਅਰ ਮੈਂਬਰ ਦਰਬਾਰਾ ਸਿੰਘ ਧਨੌਲਾ ਸ਼ਾਮਲ ਸਨ। ਵਫ਼ਦ ਦੇੇ ਨੁਮਾਇੰਦਿਆਂ ਨੇੇੇ ਦੱਸਿਆ ਕਿ ਹਵੇਲੀ ਅਤੇ ਇਸ ਦੇ ਇਤਿਹਾਸ ਨੂੰ ਸੰਭਾਲਣ ਵਿੱਚ ਅਮਰੀਕਾ ਦੇ ਸੰਧੂ ਪਰਿਵਾਰ ਦੇ ਆਰਥਿਕ ਸਹਿਯੋਗ ਦੇ ਨਾਲ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦਾ ਸਾਥ ਮਿਲ ਰਿਹਾ ਹੈ। ਫਾਊਂਡੇਸ਼ਨ ਦੇ ਸੰਸਥਾਪਕ ਗਿਆਨ ਸਿੰਘ ਸੰਧੂ ਦਾ ਕਹਿਣਾ ਸੀ ਕਿ ਸੰਸਥਾ ਵਿਰਾਸਤ ਅਤੇ ਇਤਿਹਾਸ ਨੂੰ ਸੰਭਾਲਣ ਲਈ ਤੱਤਪਰ ਹੈ।