ਸਰਕਾਰ ਦਾ ਸਮਾਗਮਾਂ ਨਾਲੋਂ ਪ੍ਰਚਾਰ ’ਤੇ ਜ਼ਿਆਦਾ ਜ਼ੋਰ: ਧਾਮੀ
ਬੀ ਐੱਸ ਚਾਨਾ
ਇੱਥੇ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ੋਮਣੀ ਕਮੇਟੀ ਵੱਲੋਂ ਸ਼ਹੀਦੀ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੰਦਿਆਂ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਕੀਤੇ ਜਾ ਰਹੇ ਸਮਾਗਮਾਂ ’ਤੇ ਗੰਭੀਰ ਸਵਾਲ ਚੁੱਕੇ।
ਸ੍ਰੀ ਧਾਮੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਧਾਰਮਿਕ ਪ੍ਰੋਗਰਾਮ ਕਰਵਾਉਣਾ ਸ਼੍ੋਮਣੀ ਕਮੇਟੀ ਦਾ ਖੇਤਰ ਹੈ, ਸਰਕਾਰ ਨੂੰ ਇਸ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸ੍ਰੀਨਗਰ ਵਿੱਚ ਕਰਵਾਏ ਪਹਿਲੇ ਸਮਾਗਮ ਵਿੱਚ ਨਾਚ-ਗਾਣੇ ਕਰਵਾ ਕੇ ਬੇਅਦਬੀ ਕੀਤੀ ਗਈ ਤੇ ਬਾਅਦ ’ਚ ਭਾਈ ਜੈਤਾ ਜੀ ਮੈਮੋਰੀਅਲ ਵਿੱਚ ਲੱਗੀ ਤਸਵੀਰ ਵੀ ਵਿਵਾਦ ਦਾ ਕਾਰਨ ਬਣੀ। ਉਨ੍ਹਾਂ ਕਿਹਾ ਕਿ ਸਰਕਾਰ ਸਮਾਗਮਾਂ ਤੋਂ ਵੱਧ ਆਪਣੇ ਪ੍ਰਚਾਰ ’ਤੇ ਜ਼ੋਰ ਦੇ ਰਹੀ ਹੈ ਜਿਸ ਕਰ ਕੇ ਗ਼ਲਤੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਬੀਤੇ ਦਿਨੀਂ ਚੰਡੀਗੜ੍ਹ ਤੋਂ ਪੱਤਰਕਾਰਾਂ ਨੂੰ ਖ਼ਾਸ ਤੌਰ ਤੇ ਸ੍ਰੀਨਗਰ ਲਿਜਾਇਆ ਗਿਆ ਤਾਂ ਜੋ ਸਰਕਾਰ ਆਪਣਾ ਪ੍ਰਚਾਰ ਕਰ ਸਕੇ।
ਵਿਕਾਸ ਕਾਰਜਾਂ ’ਤੇ ਚਰਚਾ ਕਰਦਿਆਂ ਸ੍ਰੀ ਧਾਮੀ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਸ਼ਤਾਬਦੀਆਂ ਮੌਕੇ ਸ਼ਹਿਰਾਂ ਦੇ ਵਿਕਾਸ ਲਈ ਵੱਡੇ ਕੰਮ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ ਨਹੀਂ ਬਣਾ ਸਕੀ। ਆਖ਼ਰਕਾਰ ਇਹ ਕੰਮ ਕਾਰ ਸੇਵਾ ਵਾਲੇ ਬਾਬਿਆਂ ਨੂੰ ਕਰਨਾ ਪਿਆ। ਉਨ੍ਹਾਂ ਮੰਗ ਕੀਤੀ ਕਿ ਸ਼ਹੀਦੀ ਪੁਰਬ ਮੌਕੇ ਸਰਕਾਰ ਨੂੰ ਸ਼ਹਿਰ ਵਿੱਚ ਵੱਡਾ ਹਸਪਤਾਲ ਜਾਂ ਯੂਨੀਵਰਸਿਟੀ ਖੋਲ੍ਹਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਗੁਰਦੁਆਰਾ ਭੋਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੇ ਗੁਰਿਆਈ ਦਿਵਸ ਸਬੰਧੀ ਅਖੰਡ ਪਾਠ ਸਾਹਿਬ ਸ਼ੁਰੂ ਹੋਵੇਗਾ ਜਿਸ ਦੇ ਭੋਗ 23 ਨਵੰਬਰ ਨੂੰ ਪਾਏ ਜਾਣਗੇ। ਸ਼ਹੀਦੀ ਸਮਾਗਮਾਂ ਲਈ 23 ਨੂੰ ਅਖੰਡ ਪਾਠਾਂ ਸ਼ੁਰੂ ਹੋਣਗੇ ਤੇ ਭੋਗ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਤੋਂ ਸਜਾਇਆ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਪੁੱਜੇਗਾ, ਜਿੱਥੇ ਸੀਸ ਸਸਕਾਰ ਦਿਵਸ ਮਨਾਇਆ ਜਾਵੇਗਾ। ਇਸ ਸਮਾਗਮ ਵਿੱਚ ਭਾਈ ਪਿੰਦਰਪਾਲ ਸਿੰਘ ਵਿਸ਼ੇਸ਼ ਤੌਰ ’ਤੇ ਸੰਗਤ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਣਗੇ। ਉਨ੍ਹਾਂ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਵੱਖਰੇ ਪ੍ਰੋਗਰਾਮਾਂ ’ਤੇ ਅਕਾਲੀ ਦਲ ਨੇ ਸਵਾਲ ਚੁੱਕੇ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਗੁਰੂ ਤੇਗ਼ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਵੱਖਰੇ ਪ੍ਰੋਗਰਾਮਾਂ ’ਤੇ ਸ਼੍ੋਮਣੀ ਅਕਾਲੀ ਦਲ ਨੇ ਸਵਾਲ ਚੁੱਕੇ ਹਨ। ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਇਹ ਆਲੋਚਨਾ ਕਰਨ ਦਾ ਸਮਾਂ ਨਹੀਂ ਪਰ ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਵਿੱਚ ਬੇਲੋੜੀ ਦਖਲਅੰਦਾਜ਼ੀ ਸਰਕਾਰ ਦੀ ਮਨਸ਼ਾ ’ਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਸਾਫ ਕਿਹਾ ਕਿ ਸੰਗਤ ਹਮੇਸ਼ਾ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਮਾਗਮਾਂ ਨੂੰ ਹੀ ਤਰਜੀਹ ਦਿੰਦੀ ਹੈ ਅਤੇ ਇਤਿਹਾਸਕ ਅਸਥਾਨਾਂ ’ਤੇ ਹੀ ਨਤਮਸਤਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣ ਸ਼੍ੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ, ਜਦਕਿ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਸਰਕਾਰ ਦੀ ਜ਼ਿੰਮੇਵਾਰੀ ਹੈ।
