ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਰਾਤੱਤਵ ਵਿਭਾਗ ਦੀ ਕਾਇਆਕਲਪ ਕਰੇਗੀ ਸਰਕਾਰ: ਸੌਂਦ

ਮੰਤਰੀ ਵੱਲੋਂ 8 ਰਿਆਸਤਾਂ ਦਾ ਰਿਕਾਰਡ ਸੰਭਾਲ ਰਹੇ ਪੁਰਾਲੇਖ ਵਿਭਾਗ ਦੀ ਇਮਾਰਤ ਦਾ ਜਾਇਜ਼ਾ
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 24 ਜੂਨ

Advertisement

ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਅੱਜ ਪੁਰਾਲੇਖ ਵਿਭਾਗ ਪੰਜਾਬ ਦੀ ਇਮਾਰਤ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਵਿਰਾਸਤੀ ਧ੍ਰੋਹਰ ਨੂੰ ਸੰਭਾਲ ਰਹੇ ਪਟਿਆਲਾ ਸਥਿਤ ਪੁਰਾਤੱਤਵ ਵਿਭਾਗ ਦੀ ਕਾਇਆਕਲਪ ਕਰੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਅਫ਼ਸੋਸ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣੀ ਵਿਰਾਸਤੀ ਧ੍ਰੋਹਰ ਦੀ ਸੰਭਾਲ ਵੱਲ ਕਦੇ ਧਿਆਨ ਨਹੀਂ ਦਿੱਤਾ ਪਰ ਪੰਜਾਬ ਸਰਕਾਰ ਵੱਲੋਂ 8 ਰਿਆਸਤਾਂ ਦੇ ਪੁਰਾਤਨ ਇਤਿਹਾਸ ਨੂੰ ਸੰਭਾਲ ਰਹੇ ਪਟਿਆਲਾ ਦੇ ਇਸ ਪੁਰਾਤੱਤਵ ਵਿਭਾਗ ਵਿੱਚ ਸੁਧਾਰ ਕੀਤੇ ਜਾਣਗੇ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਟੇਟ ਆਰਕਾਈਵਜ਼ ਵਿਭਾਗ ਪਟਿਆਲਾ ਵੱਲੋਂ ਲਗਪਗ 10 ਲੱਖ ਪੁਰਾਤਨ ਰਿਕਾਰਡ, ਜਿਨ੍ਹਾਂ ’ਚ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਸਾਲ ਪੁਰਾਤਨ ਸਰੂਪ, ਫਾਈਲਾਂ, ਹੱਥ ਲਿਖਤਾਂ, ਦਸਤਾਵੇਜ਼ (ਸ਼ਾਹੀ ਫ਼ੁਰਮਾਨ) ਪੰਜਾਬ ਤੇ ਕੇਂਦਰ ਸਰਕਾਰ ਦੇ ਗਜ਼ਟ, ਦੁਰਲੱਭ ਪੁਸਤਕਾਂ, ਨਕਸ਼ੇ ਤੇ ਪੇਂਟਿੰਗਜ਼ ਤੋਂ ਇਲਾਵਾ 8 ਸ਼ਾਹੀ ਰਿਆਸਤਾਂ ਦਾ ਰਿਕਾਰਡ ਸ਼ਾਮਲ ਹਨ, ਪੂਰੀ ਤਰ੍ਹਾਂ ਸੰਭਾਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਖ਼ੁਸ਼ੀ ਵਾਲੀ ਗੱਲ ਹੈ ਕਿ ਵਿਭਾਗ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਪ੍ਰਾਜੈਕਟ ਤਹਿਤ ਇਸ ’ਚੋਂ ਕਰੀਬ 6 ਕਰੋੜ ਪੰਨਿਆਂ ਨੂੰ ਡਿਜੀਟਲਾਈਜ਼ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਲਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰ ਜਤਿੰਦਰ ਪੰਨੂ ਸਮੇਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ ਤੇ ਪਟਿਆਲਾ ਦੇ ਅਮਲੇ ਨਾਲ ਮੀਟਿੰਗ ਕਰਕੇ ਅਹਿਮ ਮੁੱਦਿਆਂ ਬਾਰੇ ਚਰਚਾ ਕੀਤੀ। ਇਸ ਮਗਰੋਂ ਉਨ੍ਹਾਂ ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਰਿਕਾਰਡ ਡਿਜੀਟਲਾਈਜ਼ੇਸ਼ਨ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਪੁਰਾਲੇਖ ਵਿਭਾਗ ਦੇ ਸੁਪਰਡੈਂਟ ਕੁਲਵਿੰਦਰ ਕੌਰ, ਇੰਚਾਰਜ ਸੁਰਿੰਦਰਪਾਲ ਸਿੰਘ ਤੇ ਜ਼ਿਲ੍ਹਾ ਟੂਰਿਸਟ ਅਫ਼ਸਰ ਹਰਦੀਪ ਸਿੰਘ ਮੌਜੂਦ ਸਨ।

ਸ਼ੀਸ਼ ਮਹਿਲ ਖੁੱਲ੍ਹਣ ਦੀ ਆਸ ਬੱਝੀ

ਇੱਥੇ 14 ਸਾਲਾਂ ਤੋਂ ਬੰਦ ਸ਼ੀਸ਼ ਮਹਿਲ ਸੈਲਾਨੀਆਂ ਲਈ ਮੁੜ ਖੁੱਲ੍ਹਣ ਦੀ ਆਸ ਬੱਝ ਗਈ ਹੈ। ਸੈਰ ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਹੁਤ ਜਲਦ ਸ਼ੀ‌ਸ਼ ਮਹਿਲ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੇ ਆਪਣਾ ਕਾਰਜ ਅਰੰਭਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ੀਸ਼ ਮਹਿਲ ’ਚ ਲਛਮਣ ਝੂਲਾ, ਝੀਲ, ਪੁਰਾਤਨ ਇਮਾਰਤ, ਤਗ਼ਮੇ, ਸਿੱਕੇ ਤੇ ਹਥਿਆਰਾਂ ਦੇ ਨਾਲ-ਨਾਲ ਵਿਰਾਸਤ ਦਾ ਇਕ ਬਿਹਤਰੀਨ ਨਮੂਨਾ ਹੈ। ਇਤਿਹਾਸਕ ਤੱਥਾਂ ਅਨੁਸਾਰ ਸ਼ੀਸ਼ ਮਹਿਲ, ਮੋਤੀ ਬਾਗ਼ ਪੈਲੇਸ ਦਾ ਹਿੱਸਾ ਸੀ, ਜਿਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 ਵਿੱਚ ਬਣਵਾਇਆ ਸੀ। ਪੈਲੇਸ ਦੇ ਸਾਹਮਣੇ ਇੱਕ ਸੁੰਦਰ ਝੀਲ ਹੈ ਜਿਸ ਉਪਰ ਇੱਕ ਝੂਲਾ ਬਣਿਆ ਹੋਇਆ ਹੈ ਇਸ ਨੂੰ ਕਿ ਲਛਮਣ ਝੂਲਾ ਕਿਹਾ ਜਾਂਦਾ ਹੈ। ਭਾਰਤ ਦੀਆਂ ਰਿਆਸਤਾਂ ਦੇ ਮਹਾਰਾਜਿਆਂ ਵੱਲੋਂ ਚਲਾਏ ਆਪੋ ਆਪਣੇ ਸਿੱਕੇ ਇੱਥੇ ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਪਏ ਹਨ। ਇੱਥੋਂ ਤੱਕ ਕਿ ਇੱਥੇ ਨਾਨਕਸ਼ਾਹੀ ਸਿੱਕੇ ਵੀ ਪਏ ਹਨ।

Advertisement