ਵਧੀਆ ਸੇਵਾਵਾਂ ਲਈ ਡਾਕਟਰਾਂ ਦਾ ਸਨਮਾਨ ਕਰੇਗੀ ਸਰਕਾਰ: ਬਲਬੀਰ ਸਿੰਘ
ਪੰਜਾਬ ਸਰਕਾਰ ਵੱਲੋਂ ਵਧੀਆ ਸਿਹਤ ਸੇਵਾਵਾਂ ਨਿਭਾਉਣ ਵਾਲੇ 60 ਡਾਕਟਰਾਂ ਨੂੰ ਹਰ ਸਾਲ ਸਨਮਾਨਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਚਾਰ ਵਰਗਾਂ ਤਹਿਤ ਦਿੱਤੇ ਜਾਣਗੇ। ਇਨ੍ਹਾਂ ਵਿੱਚ ਸੂਬਾ ਪੱਧਰੀ ਸਰਵੋਤਮ ਡਾਕਟਰ ਪੁਰਸਕਾਰ, ਜ਼ਿਲ੍ਹਾ ਪੱਧਰੀ ਐਕਸੀਲੈਂਸ ਐਵਾਰਡ, ਨਵੀਨਤਾ ਜਾਂ ਜਨਤਕ ਸਿਹਤ ਲੀਡਰਸ਼ਿਪ ਲਈ ਵਿਸ਼ੇਸ਼ ਮਾਨਤਾ ਅਤੇ ਨਿੱਜੀ ਖੇਤਰ ਵਿੱਚ ਜਨਤਕ ਸੇਵਾ ਲਈ ਵਿਸ਼ੇਸ਼ ਮਾਨਤਾ ਸ਼ਾਮਲ ਹਨ। ਹਰ ਐਵਾਰਡੀ ਨੂੰ ਮੁੱਖ ਮੰਤਰੀ ਜਾਂ ਸਿਹਤ ਮੰਤਰੀ ਵੱਲੋਂ ਸਨਮਾਨ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਐਵਾਰਡੀ ਦਾ ਨਾਂ ਰਾਜ ਸਿਹਤ ਸਨਮਾਨ ਬੋਰਡ ’ਤੇ ਸਥਾਈ ਤੌਰ ’ਤੇ ਲਿਖਿਆ ਜਾਵੇਗਾ। ਇਸ ਨੂੰ ਡਿਜੀਟਲ ਰੂਪ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ 2022 ਤੋਂ ਹੁਣ ਤੱਕ ਕੁੱਲ 934 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਜੋ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ, ਕਮਿਊਨਿਟੀ ਸਿਹਤ ਕੇਂਦਰਾਂ, ਸਬ-ਡਿਵੀਜ਼ਨਲ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਤਾਇਨਾਤ 3,831 ਮੈਡੀਕਲ ਅਫ਼ਸਰਾਂ ਅਤੇ ਮਾਹਿਰਾਂ ਦੀ ਮੌਜੂਦਾ ਗਿਣਤੀ ਦਾ ਲਗਪਗ 25 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਤੋਂ ਦੋ ਮਹੀਨਿਆਂ ਵਿੱਚ ਹੋਰ ਡਾਕਟਰ ਭਰਤੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਤਰਜ਼ ’ਤੇ ਸਿਹਤ ਵਿਭਾਗ ਵਿੱਚ ਮੋਹਰੀ ਕਤਾਰ ’ਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ, ਨਰਸਾਂ ਅਤੇ ਹੋਰ ਸਟਾਫ ਦਾ ਵੀ ਸਨਮਾਨ ਕੀਤਾ ਜਾਵੇਗਾ।