ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਮੂੰਹ ਮੋੜਿਆ: ਹਰਸਿਮਰਤ
ਜੋਗਿੰਦਰ ਸਿੰਘ ਮਾਨ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੀਂਹ ਦੇ ਪਾਣੀ ਕਾਰਨ ਜਾਮ ਹੋਏ ਸੀਵਰੇਜ ਦੀ ਸਮੱਸਿਆ ਤੋਂ ਪ੍ਰਭਾਵਿਤ ਵਾਰਡਾਂ ਦਾ ਦੌਰਾ ਕੀਤਾ ਅਤੇ ਬੁਢਲਾਡਾ ਤੇ ਮਾਨਸਾ ਦੇ ਵਿਧਾਇਕਾਂ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜਿਤਾਏ ਗਏ ਵਿਧਾਇਕ ਅੱਜ ਲੋਕਾਂ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਰਹੇ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਇਸ ਸ਼ਹਿਰ ’ਚ ਸੀਵਰੇਜ ਪਾਇਆ ਗਿਆ ਸੀ ਪਰ ਇਸ ਤੋਂ ਬਾਅਦ ਸਰਕਾਰ, ਪ੍ਰਸ਼ਾਸਨ ਅਤੇ ਵਿਧਾਇਕਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹਾਲ ਪੂਰੇ ਪੰਜਾਬ ਦਾ ਹੈ। ਹਰਸਿਮਰਤ ਬਾਦਲ ਦੇ ਇਸ ਦੌਰੇ ਦੌਰਾਨ ਮਹਿਲਾ ਕੌਂਸਲਰਾਂ ਦੇ ਪਤੀ ਵੀ ਆਪਸ ਵਿੱਚ ਲੜ ਪਏ ਅਤੇ ਇੱਕ ਦੂਜੇ ਨੂੰ ਬੁਢਲਾਡਾ ਦੇ ਵਿਕਾਸ ਕੰਮਾਂ ਲਈ ਧਿਆਨ ਨਾ ਦੇਣ ਕਾਰਨ ਕੋਸਣ ਲੱਗੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਿਮਾਰ ਹੋਣ ਦਾ ਬਹਾਨਾ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਮੂੰਹ ਮੋੜ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹ ਕੁਦਰਤੀ ਘੱਟ ਅਤੇ ਸਰਕਾਰ ਦੀ ਨਾਕਾਮੀ ਵੱਧ ਹਨ। ਸਰਕਾਰ ਵੱਲੋਂ ਸਾਢੇ ਤਿੰਨ ਸਾਲ ਪੂਰੇ ਕਰਨ ’ਤੇ ਵੀ ਪੰਜਾਬ ਦੇ ਦਰਿਆਵਾਂ, ਨਹਿਰਾਂ, ਨਦੀਆਂ ਅਤੇ ਹੜ੍ਹਾਂ ਸਬੰਧੀ ਕੋਈ ਯੋਗ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕਰਨ ਵਿੱਚ ਲੱਗੇ ਹੋਏ ਹਨ। ਇਸੇ ਦੌਰਾਨ ਉਨ੍ਹਾਂ ਬੁਢਲਾਡਾ ਨੂੰ ਸੀਵਰੇਜ ਦਾ ਪਾਣੀ ਕੱਢਣ ਲਈ ਇੱਕ ਪੰਪ ਅਤੇ ਡੀਜ਼ਲ ਲਈ ਇੱਕ ਲੱਖ ਰੁਪਏ ਦਿੱਤੇ।