ਸਰਕਾਰ ਪਿੰਡਾਂ ਵਿੱਚ ਖੋਲ੍ਹੇਗੀ 58 ਹੋਰ ਲਾਇਬ੍ਰੇਰੀਆਂ
ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਵਿੱਚ ਨੌਜਵਾਨਾਂ ਦੀ ਸਮਾਜਿਕ-ਆਰਥਿਕ ਤਰੱਕੀ ਲਈ ‘ਪੇਂਡੂ ਲਾਇਬ੍ਰੇਰੀ ਯੋਜਨਾ’ ਤਹਿਤ 58 ਹੋਰ ਲਾਇਬ੍ਰੇਰੀਆਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਲਈ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਮਾਜਿਕ ਤੇ ਆਰਥਿਕ ਤਰੱਕੀ ਲਈ ਪਹਿਲਾਂ ਹੀ ਸੂਬੇ ਵਿੱਚ 278 ਲਾਇਬ੍ਰੇਰੀਆਂ ਕਾਰਜਸ਼ੀਲ ਹਨ, ਜਦੋਂ ਕਿ 58 ਹੋਰ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 31 ਲਾਇਬ੍ਰੇਰੀਆਂ ਚੱਲ ਰਹੀਆਂ ਹਨ ਜਦਕਿ 2 ਲਾਇਬ੍ਰੇਰੀਆਂ ਦਾ ਕੰਮ ਪ੍ਰਗਤੀਅਧੀਨ ਹੈ। ਇਸੇ ਤਰ੍ਹਾਂ ਤਰਨ ਤਾਰਨ ਵਿੱਚ 11 ਅਤੇ ਜਲੰਧਰ ਜ਼ਿਲ੍ਹੇ ਵਿੱਚ 2 ਲਾਇਬ੍ਰੇਰੀਆਂ ਚੱਲ ਰਹੀਆਂ ਹਨ।
ਕੈਬਨਿਚ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ 4 ਲਾਇਬ੍ਰੇਰੀਆਂ ਕਾਰਜਸ਼ੀਲ ਹਨ, ਜਦਕਿ ਬਠਿੰਡਾ ਵਿੱਚ 29 ਲਾਇਬ੍ਰੇਰੀਆਂ ਚੱਲ ਰਹੀਆਂ ਹਨ। ਬਰਨਾਲਾ ਵਿੱਚ 9 ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 2 ਦਾ ਕੰਮ ਚੱਲ ਰਿਹਾ ਹੈ। ਫਤਹਿਗੜ੍ਹ ਸਾਹਿਬ ਵਿੱਚ 11 ਲਾਇਬ੍ਰੇਰੀਆ ਕਾਰਜਸ਼ੀਲ ਹਨ ਅਤੇ 2 ਦਾ ਕੰਮ ਪ੍ਰਗਤੀ ਅਧੀਨ ਹੈ, ਫਰੀਦਕੋਟ ਵਿੱਚ 10 ਕਾਰਜਸ਼ੀਲ ਤੇ 2 ਪ੍ਰਗਤੀ ਅਧੀਨ, ਫਾਜ਼ਿਲਕਾ ਵਿੱਚ 21 ਕਾਰਜਸ਼ੀਲ ਹਨ, ਫਿਰੋਜ਼ਪੁਰ ਵਿੱਚ 15 ਲਾਇਬ੍ਰੇਰੀਆ ਚੱਲ ਰਹੀਆਂ ਹਨ ਅਤੇ 9 ਲਾਇਬ੍ਰੇਰੀਆ ਦਾ ਕੰਮ ਪ੍ਰਗਤੀ ਅਧੀਨ ਹੈ। ਹੁਸ਼ਿਆਰਪੁਰ ਵਿੱਚ 6 ਲਾਇਬ੍ਰੇਰੀਆਂ ਕਾਰਜਸ਼ੀਲ ਹਨ ਤੇ 9 ਦਾ ਕੰਮ ਚੱਲ ਰਿਹਾ ਹੈ। ਲੁਧਿਆਣਾ ਵਿੱਚ 30 ਕਾਰਜਸ਼ੀਲ ਤੇ 11 ਪ੍ਰਗਤੀ ਅਧੀਨ, ਮਾਨਸਾ ਵਿੱਚ 17 ਕਾਰਜਸ਼ੀਲ ਤੇ 1 ਪ੍ਰਗਤੀ ਅਧੀਨ, ਮਾਲੇਰਕੋਟਲਾ ਵਿੱਚ 11 ਕਾਰਜਸ਼ੀਲ ਜਦਕਿ ਸ੍ਰੀ ਮੁਕਤਸਰ ਸਾਹਿਬ ਵਿੱਚ 6 ਲਾਇਬ੍ਰੇਰੀਆਂ ਦਾ ਕੰਮ ਪ੍ਰਗਤੀ ਅਧੀਨ ਹੈ। ਮੋਗਾ ਵਿੱਚ 14 ਲਾਇਬ੍ਰੇਰੀਆਂ ਕਾਰਜਸ਼ੀਲ, ਪਟਿਆਲਾ ਵਿੱਚ 28 ਕਾਰਜਸ਼ੀਲ ਤੇ 2 ਪ੍ਰਗਤੀ ਅਧੀਨ, ਰੂਪਨਗਰ ਵਿੱਚ 12 ਕਾਰਜਸ਼ੀਲ, ਸ਼ਹੀਦ ਭਗਤ ਸਿੰਘ ਨਗਰ ਵਿੱਚ 6 ਲਾਇਬ੍ਰੇਰੀਆਂ ਕਾਰਜਸ਼ੀਲ ਹਨ ਜਦਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 12 ਲਾਇਬ੍ਰੇਰੀਆਂ ਪ੍ਰਗਤੀਅਧੀਨ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ‘ਪੇਂਡੂ ਲਾਇਬ੍ਰੇਰੀ ਯੋਜਨਾ’ ਦੀ ਸ਼ੁਰੂਆਤ 15 ਅਗਸਤ, 2024 ਨੂੰ ਪਿੰਡ ਈਸੜੂ (ਖੰਨਾ) ਤੋਂ ਕੀਤੀ ਸੀ। ਇਹ ਲਾਇਬ੍ਰੇਰੀਆਂ ਵਾਈ-ਫਾਈ, ਸੋਲਰ ਪਾਵਰ, ਡਿਜੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਹਨ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਸਾਹਿਤਕ ਕਿਤਾਬਾਂ, ਵੱਖ-ਵੱਖ ਵਿਸ਼ਿਆਂ ਦੀਆਂ ਮਿਆਰੀ ਪੁਸਤਕਾਂ ਅਤੇ ਪਾਠਕ੍ਰਮ ਬਾਰੇ ਵਿਸ਼ਵ ਪੱਧਰੀ ਪੁਸਤਕਾਂ ਉਪਲੱਬਧ ਹਨ।