ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਫ਼ਾਈ ਸ਼ੁਰੂ ਕਰਵਾਈ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਫਾਈ ਲਈ 100 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਇਸ ਫੰਡ ਤਹਿਤ ਹਰ ਪੰਚਾਇਤ ਨੂੰ ਸਫਾਈ ਲਈ ਇਕ-ਇਕ ਲੱਖ ਰੁਪਏ ਜਾਰੀ ਕੀਤੇ ਜਾਣਗੇ। ਇਸ ਸਬੰਧੀ ਖਰਚ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ 2,000 ਤੱਕ ਦੀ ਅਬਾਦੀ ਵਾਲੀਆਂ ਪੰਚਾਇਤਾਂ ਲਈ 3 ਲੱਖ ਰੁਪਏ ਅਤੇ 2,000 ਤੋਂ ਵੱਧ ਅਬਾਦੀ ਵਾਲੀਆਂ ਪੰਚਾਇਤਾਂ ਲਈ 5 ਲੱਖ ਰੁਪਏ ਤੱਕ ਖਰਚ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਲਬੇ ਦੀ ਸਫਾਈ ਅਤੇ ਪਸ਼ੂ ਲਾਸ਼ਾਂ ਦਾ ਨਿਪਟਾਰਾ 24 ਸਤੰਬਰ ਤੱਕ ਕੀਤਾ ਜਾਵੇਗਾ, ਜਦੋਂਕਿ ਜਨਤਕ ਸੰਪਤੀ ਦੀ ਮਾਮੂਲੀ ਮੁਰੰਮਤ ਦਾ ਕਾਰਜ 15 ਅਕਤੂਬਰ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ ਅਤੇ ਛੱਪੜਾਂ ਦੀ ਸਫਾਈ 22 ਅਕਤੂਬਰ ਤੱਕ ਯਕੀਨੀ ਬਣਾਈ ਜਾਵੇਗੀ।
ਰਾਹਤ ਕਾਰਜਾਂ ਦੇ ਮੁਲਾਂਕਣ ਲਈ ਨੋਡਲ ਚੇਅਰਮੈਨ ਤੇ ਮੈਂਬਰ ਨਿਯੁਕਤ
ਸਰਕਾਰ ਨੇ ਹੜ੍ਹ ਪ੍ਰਭਾਵਿਤ 2303 ਪਿੰਡਾਂ ਵਿੱਚ ਰਾਹਤ ਕਾਰਜਾਂ ਤੇ ਨੁਕਸਾਨ ਦੇ ਮੁਲਾਂਕਣ ਨੂੰ ਸੁਚਾਰੂ ਬਣਾਉਣ ਲਈ ਨੋਡਲ ਚੇਅਰਮੈਨ ਤੇ ਮੈਂਬਰ ਨਿਯੁਕਤ ਕੀਤੇ ਹਨ। ਮਾਲ, ਮੁੜ-ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ 2303 ਅਜਿਹੇ ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਬੁਨਿਆਦੀ ਸਹਾਇਤਾ ਅਤੇ ਮੁੜ-ਵਸੇਬੇ ਲਈ ਤੁਰੰਤ ਉਪਰਾਲੇ ਕਰਨੇ ਜ਼ਰੂਰੀ ਹਨ। ਇਸ ਲਈ ਨਿਯੁਕਤ ਨੋਡਲ ਪ੍ਰਤੀਨਿਧ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਯੁਕਤ ਗਜ਼ਟਿਡ ਅਫ਼ਸਰਾਂ ਨਾਲ ਤਾਲਮੇਲ ਕਰਦੇ ਹੋਏ ਆਪਣੀਆਂ ਡਿਊਟੀਆਂ ਨਿਭਾਉਣਗੇ। ਇਹ ਪ੍ਰਤੀਨਿਧ ਰਾਹਤ ਸਮੱਗਰੀ ਦੀ ਵੰਡ ਦੀ ਨਿਗਰਾਨੀ ਕਰਨਗੇ।
ਹੜ੍ਹ ਪ੍ਰਭਾਵਿਤ ਅਨਾਜ ਮੰਡੀਆਂ ਚਾਲੂ ਕਰਨ ਲਈ ਮੁਹਿੰਮ
ਚੰਡੀਗੜ੍ਹ: ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਅਨਾਜ ਮੰਡੀਆਂ ਨੂੰ ਚਾਲੂ ਕਰਨ ਲਈ ਪੰਜ ਰੋਜ਼ਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਮੰਡੀਆਂ ਵਿੱਚ ਭਰੇ ਪਾਣੀ ਅਤੇ ਚਿੱਕੜ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਇਸ ਬਾਰੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਸਾਰੇ ਜ਼ਿਲ੍ਹਾ ਮੰਡੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਨਿੱਜੀ ਤੌਰ ’ਤੇ ਇਨ੍ਹਾਂ ਯਤਨਾਂ ਦੀ ਨਿਗਰਾਨੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਸਾਰੀਆਂ ਪ੍ਰਭਾਵਿਤ ਮੰਡੀਆਂ 19 ਸਤੰਬਰ ਤਕ ਪੂਰੀ ਤਰ੍ਹਾਂ ਬਹਾਲ ਅਤੇ ਚਾਲੂ ਹੋ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਇਸ ਲਈ ਅਨਾਜ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਲਈ 1822 ਮੰਡੀਆਂ ਬਣਾਈਆਂ ਗਈਆਂ ਹਨ।
