ਸਰਕਾਰ ਡੀ ਆਈ ਜੀ ਦੀ ਗ੍ਰਿਫ਼ਤਾਰੀ ਬਾਰੇ ਸਪੱਸ਼ਟ ਕਰੇ: ਗਾਂਧੀ
ਕਾਂਗਰਸੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਸਬੰਧੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਕਹਾਉਂਦੀ ਸਰਕਾਰ ਨੇ ਰਵੀ ਸਿੱਧੂ ਦੀ ਮੁੜ ਯਾਦ ਦਿਵਾ ਦਿੱਤੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਵੱਡਾ ਅਧਿਕਾਰੀ ਰਿਸ਼ਵਤ ਦਾ ਕਥਿਤ ਵੱਡਾ ਗਰੋਹ ਚਲਾ ਰਿਹਾ ਹੋਵੇ ਅਤੇ ਸਰਕਾਰ ਤੇ ਸਰਕਾਰੀ ਏਜੰਸੀਆਂ ਨੂੰ ਕੋਈ ਭਿਣਕ ਤੱਕ ਨਾ ਪਵੇ। ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਫੜੇ ਜਾਣ ਨਾਲ ਸਰਕਾਰ ਦੀ ਇਮਾਨਦਾਰੀ ’ਤੇ ਸ਼ੱਕ ਖੜ੍ਹਾ ਹੁੰਦਾ ਹੈ।
ਸ੍ਰੀ ਗਾਂਧੀ ਨੇ ਕਿਹਾ, ‘‘ਡੀ ਆਈ ਜੀ ਦੀ ਗ੍ਰਿਫ਼ਤਾਰੀ ਮਗਰੋਂ ਲੋਕਾਂ ’ਚ ਪੈਦਾ ਹੋਏ ਤੌਖਲੇ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਅਤੇ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ। ਲਗਪਗ 17 ਗਰਾਮ ਚਿੱਟੇ ਨਾਲ ਫੜੀ ਗਈ ਮਹਿਲਾ ਪੁਲੀਸ ਮੁਲਾਜ਼ਮ ਨੂੰ ਤਾਂ ਬਰਖ਼ਾਸਤ ਕਰ ਦਿੱਤਾ ਗਿਆ ਪਰ ਜਿਸ ਡੀ ਆਈ ਜੀ ਕੋਲੋਂ ਕਥਿਤ ਸਾਢੇ 7 ਕਰੋੜ ਰੁਪਏ, ਢਾਈ ਕਿੱਲੋ ਸੋਨਾ, 71 ਤੋਂ ਵੱਧ ਪ੍ਰਾਪਰਟੀਆਂ, 22 ਤੋਂ ਵੱਧ ਲਗਜ਼ਰੀ ਘੜੀਆਂ ਅਤੇ ਹੋਰ ਅਸਲਾ ਤੇ ਮੋਬਾਈਲ ਆਦਿ ਫੜੇ ਗਏ, ਉਸ ਵਿਰੁੁੱਧ ਕੋਈ ਜ਼ਿਕਰਯੋਗ ਕਰਵਾਈ ਹੋਣ ਬਾਰੇ ਪਤਾ ਨਹੀਂ ਲੱਗਿਆ। ਮੁਅੱਤਲ ਕਰਨਾ ਕੋਈ ਸਜ਼ਾ ਨਹੀਂ ਹੁੰਦੀ।’’
ਸੰਸਦ ਮੈਂਬਰ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਮੁਖੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਹਰਚਰਨ ਸਿੰਘ ਭੁੱਲਰ ਕੋਲੋਂ ਫੜੀ ਨਕਦੀ ਤੇ ਹੋਰ ਸਾਮਾਨ ਬਾਰੇ ਪੰਜਾਬ ਵਾਸੀਆਂ ਸਾਹਮਣੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਗ੍ਰਿਫ਼ਤਾਰੀ ਪੰਜਾਬ ਦੀ ਵਿਜੀਲੈਂਸ ਨੇ ਨਹੀਂ ਕੀਤੀ ਬਲਕਿ ਇਹ ਕਾਰਵਾਈ ਸੀ ਬੀ ਆਈ ਨੇ ਕੀਤੀ ਹੈ। ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਸੂਬਾ ਇਸ ਮਾਮਲੇ ਆਪਣਾ ਰੁਖ਼ ਸਪੱਸ਼ਟ ਕਰੇ।