ਸਰਕਾਰ ਸੰਸਦ ’ਚ ਭਾਰਤ-ਚੀਨ ਸਬੰਧਾਂ ’ਤੇ ਚਰਚਾ ਦੀ ਆਗਿਆ ਦੇਵੇ: ਕਾਂਗਰਸ
ਨਵੀਂ ਦਿੱਲੀ, 4 ਜੁਲਾਈ
ਕਾਂਗਰਸ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੂੰ ਸੰਸਦ ਵਿੱਚ ਭਾਰਤ-ਚੀਨ ਸਬੰਧਾਂ ’ਤੇ ਚਰਚਾ ਲਈ ਸਹਿਮਤ ਹੋਣਾ ਚਾਹੀਦਾ ਹੈ ਤਾਂ ਕਿ ਗੁਆਂਢੀ ਮੁਲਕ ਵੱਲੋਂ ਸਿੱਧੇ ਤੌਰ ’ਤੇ ਅਤੇ ਪਾਕਿਸਤਾਨ ਰਾਹੀਂ ਭਾਰਤ ਸਾਹਮਣੇ ਦਰਪੇਸ਼ ਭੂ-ਰਾਜਨੀਤਕ ਤੇ ਆਰਥਿਕ ਚੁਣੌਤੀਆਂ ’ਤੇ ਸਮੂਹਿਕ ਪ੍ਰਤੀਕਿਰਿਆ ਲਈ ਆਮ ਸਹਿਮਤੀ ਬਣਾਈ ਜਾ ਸਕੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਡਿਪਟੀ ਚੀਫ ਆਫ ਆਰਮੀ ਸਟਾਫ (ਸਮਰੱਥਾ ਵਿਕਾਸ ਤੇ ਨਿਰਬਾਹ) ਲੈਫਟੀਨੈਂਟ ਰਾਹੁਲ ਆਰ. ਸਿੰਘ ਨੇ ਜਨਤਕ ਤੌਰ ’ਤੇ ਉਸ ਗੱਲ ਦੀ ਪੁਸ਼ਟੀ ਕੀਤੀ ਹੈ, ਜਿਸ ਬਾਰੇ ਉਦੋਂ ਤੋਂ ਚਰਚਾ ਚੱਲ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਖ਼ਲ ਨਾਲ ‘ਆਪਰੇਸ਼ਨ ਸਿੰਧੂਰ’ ਅਚਾਨਕ ਰੋਕ ਦਿੱਤਾ ਗਿਆ ਸੀ। ਰਮੇਸ਼ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਲੈਫਟੀਨੈਂਟ ਜਨਰਲ ਸਿੰਘ ਨੇ ਉਨ੍ਹਾਂ ਅਸਧਾਰਨ ਤਰੀਕਿਆਂ ਦੇ ਕੁਝ ਵੇਰਵਿਆਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਰਾਹੀਂ ਚੀਨ ਵੱਲੋਂ ਪਾਕਿਸਤਾਨੀ ਹਵਾਈ ਸੈਨਾ ਦਾ ਮਦਦ ਕੀਤੀ ਗਈ। ਇਹ ਉਹੀ ਚੀਨ ਹੈ ਜਿਸ ਨੇ ਪੰਜ ਸਾਲ ਪਹਿਲਾਂ ਲੱਦਾਖ ’ਚ ਮੌਜੂਦਾ ਸਥਿਤੀ ਨੂੰ ਪੂਰੀ ਭੰਗ ਕਰ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ 19 ਜੂਨ 2020 ਨੂੰ ਜਨਤਕ ਤੌਰ ’ਤੇ ‘ਕਲੀਨ ਚਿੱਟ’ ਦੇ ਦਿੱਤੀ ਸੀ।’’ ਉਨ੍ਹਾਂ ਕਿਹਾ, ‘‘ਕਾਂਗਰਸ ਪੰਜ ਸਾਲਾਂ ਤੋਂ ਭਾਰਤ-ਚੀਨ ਸਬੰਧਾਂ ਦੇ ਹਰ ਪਹਿਲੂ ’ਤੇ ਸੰਸਦ ’ਚ ਚਰਚਾ ਦੀ ਮੰਗ ਕਰ ਰਹੀ ਹੈ। ਮੋਦੀ ਸਰਕਾਰ ਲਗਾਤਾਰ ਅਜਿਹੀ ਬਹਿਸ ਤੋਂ ਇਨਕਾਰ ਕਰ ਰਹੀ ਹੈ। ਕਾਂਗਰਸ 21 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਆਗਾਮੀ ਮੌਨਸੂਨ ਸੈਸ਼ਨ ’ਚ ਇਹ ਮੰਗ ਜਾਰੀ ਰੱਖੇਗੀ।’’ -ਪੀਟੀਆਈ