ਮੀਂਹ ਕਾਰਨ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ: ਉਗਰਾਹਾਂ
ਜੋਗਿੰਦਰ ਸਿੰਘ ਮਾਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ, ਦੁਧਾਰੂ ਤੇ ਹੋਰ ਪਸ਼ੂਆਂ ਸਣੇ ਲੋੜਵੰਦਾਂ ਦੇ ਘਰਾਂ ਦੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਸਰਕਾਰ ਨੇ ਬਰਸਾਤ ਦੇ ਦਿਨਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ। ਨਹਿਰਾਂ, ਨਦੀਆਂ, ਨਾਲਿਆਂ ਦੀ ਸਫਾਈ ਨਹੀਂ ਕਰਵਾਈ। ਇਸ ਕਾਰਨ ਵੱਡੇ ਪੱਧਰ ’ਤੇ ਨਹਿਰਾਂ, ਰਜਬਾਹੇ ਟੁੱਟ ਗਏ, ਜਿਨ੍ਹਾਂ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਕਰ ਦਿੱਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਕੁਦਰਤੀ ਕਰੋਪੀ ਨੇ ਦੁਧਾਰੂ ਪਸ਼ੂਆਂ ਤੇ ਭੇਡਾਂ-ਬੱਕਰੀਆਂ ਵਗੈਰਾ ਦਾ ਵੀ ਕਾਫ਼ੀ ਨੁਕਸਾਨ ਕਰ ਦਿੱਤਾ। ਲੋੜਵੰਦਾਂ ਦੇ ਮਕਾਨ ਡਿੱਗ ਗਏ ਅਤੇ ਬਹੁਤ ਸਾਰੇ ਡਿੱਗਣ ਕਿਨਾਰੇ ਹਨ। ਉਨ੍ਹਾਂ ਨੇ ਵਿਰੋਧੀ ਰਾਜਸੀ ਪਾਰਟੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਰਕਾਰਾਂ ਦੌਰਾਨ ਵੀ ਇਹੀ ਕੁੱਝ ਵਾਪਰਦਾ ਰਿਹਾ ਹੈ, ਪਰ ਹੁਣ ਉਹ ਸਿਆਸੀ ਰੋਟੀਆਂ ਸੇਕ ਰਹੇ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਤੋਂ ਪ੍ਰਭਾਵਿਤ ਘਰੋਂ ਬੇਘਰ ਹੋਏ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਫੌਰੀ ਕੀਤਾ ਜਾਵੇ, ਫ਼ਸਲਾਂ ਦੀ ਬਰਬਾਦੀ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕਰਦਾ ਮੁਆਵਜ਼ਾ ਦਿੱਤਾ ਜਾਵੇ।