ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਆਸੀ ਸੇਵਾ ’ਚ ਸਰਕਾਰੀ ਲਾਰੀ, ਸਵਾਰੀ ਫਿਰੇ ਮਾਰੀ-ਮਾਰੀ

ਸਰਕਾਰੀ ਸਮਾਗਮ ਲਈ ਤਿੰਨ ਸੌ ਤੋਂ ਵੱਧ ਪੀਆਰਟੀਸੀ ਬੱਸਾਂ ਨੇ ਨਿਭਾਈ ਸੇਵਾ
ਸੁਨਾਮ ਦੀ ਅਨਾਜ ਮੰਡੀ ’ਚ ਕਤਾਰਾਂ ’ਚ ਖੜ੍ਹੀਆਂ ਪੀਆਰਟੀਸੀ ਦੀਆਂ ਬੱਸਾਂ।
Advertisement

ਅੱਜ ਸੁਨਾਮ ਊਧਮ ਸਿੰਘ ਵਾਲਾ ਦੀ ਅਨਾਜ ਮੰਡੀ ਕਿਸੇ ਬੱਸ ਡਿਪੂ ਦਾ ਭੁਲੇਖਾ ਪਾਉਂਦੀ ਸੀ। ਅਨਾਜ ਮੰਡੀ ਵਿੱਚ ਦੂਰ-ਦੂਰ ਤੱਕ ਸਿਰਫ਼ ਪੀਆਰਟੀਸੀ ਦੀਆਂ ਬੱਸਾਂ ਹੀ ਕਤਾਰਾਂ ਵਿੱਚ ਖੜ੍ਹੀਆਂ ਨਜ਼ਰ ਆ ਰਹੀਆਂ ਸਨ। ਇਹ ਬੱਸਾਂ ਅੱਜ ਆਪਣੇ ਰੋਜ਼ਾਨਾ ਰੂਟ ਲਈ ਰਵਾਨਾ ਨਹੀਂ ਹੋਈਆਂ। ਕਿਉਂਕੀ ਇਹ ਬੱਸਾਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਵਿੱਚ ਲੋਕਾਂ ਦਾ ਵੱਡਾ ਇਕੱਠ ਕਰਨ ਲਈ ਸੇਵਾ ਨਿਭਾ ਰਹੀਆਂ ਸਨ। ਇਹ ਸਮਾਗਮ ‘ਆਪ’ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਜੱਦੀ ਹਲਕਾ ਸੁਨਾਮ ਵਿੱਚ ਹੋਇਆ, ਜਿਸ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਸਨ। ਇੱਧਰ ਬੱਸ ਸਟੈਂਡ ਸੰਗਰੂਰ ਵਿੱਚ ਲੋਕ ਪੀਆਰਟੀਸੀ ਦੀਆਂ ਬੱਸਾਂ ਨੂੰ ਉਡੀਕਦਿਆਂ ਖੱਜਲ ਖੁਆਰ ਹੋ ਰਹੇ ਸਨ ਜਦੋਂ ਕਿ ਪੀਆਰਟੀਸੀ ਦੀਆਂ ਬੱਸਾਂ ਪਿੰਡਾਂ ਵਿਚ ਪਾਰਟੀ ਵਰਕਰਾਂ ਨੂੰ ਲੈਣ ਲਈ ਸੇਵਾ ਨਿਭਾ ਰਹੀਆਂ ਸਨ। ਜਾਣਕਾਰ ਸੂਤਰਾਂ ਮੁਤਾਬਕ ਅੱਜ ਪੰਜਾਬ ਸਰਕਾਰ ਦੇ ਸਮਾਗਮ ਲਈ ਵੱਖ-ਵੱਖ ਡਿਪੂਆਂ ਤੋਂ ਲਗਭਗ 300 ਤੋਂ ਵੱਧ ਪੀਆਰਟੀਸੀ ਬੱਸਾਂ ਪੁੱਜੀਆਂ ਹੋਈਆਂ ਸਨ। ਜਿੰਨ੍ਹਾਂ ’ਚ ਪੀਆਰਟੀਸੀ ਦੇ ਸੰਗਰੂਰ ਡਿਪੂ ਤੋਂ 83 ਬੱਸਾਂ, ਬਰਨਾਲਾ ਡਿਪੂ ਤੋਂ 30 ਬੱਸਾਂ, ਪਟਿਆਲਾ ਡਿਪੂ ਤੋਂ 80 ਬੱਸਾਂ, ਬੁਢਲਾਡਾ ਤੋਂ 52, ਬਠਿੰਡਾ ਤੋਂ 84 ਅਤੇ ਲੁਧਿਆਣਾ ਡਿਪੂ ਤੋਂ 51 ਬੱਸਾਂ ਸ਼ਾਮਲ ਸਨ। ਸੰਗਰੂਰ ਬੱਸ ਸਟੈਂਡ ’ਚ ਅੱਜ ਆਪਣੀ ਮੰਜ਼ਿਲ ਵੱਲ ਜਾਣ ਵਾਲੇ ਮੁਸਾਫ਼ਰ ਬੱਸਾਂ ਨੂੰ ਉਡੀਕ ਦੇ ਰਹੇ। ਬੱਸ ਸਟੈਂਡ ਵਿਚ ਮੁਸਾਫ਼ਰਾਂ ਦੀ ਭਾਰੀ ਭੀੜ ਜੁਟੀ ਹੋਈ ਸੀ। ਇਸ ਦੌਰਾਨ ਨਿੱਜੀ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਹੋਈ ਸੀ। ਨਿੱਜੀ ਬੱਸਾਂ ਵਿਚ ਸਵਾਰੀਆਂ ਦੀ ਘਾਟ ਨਹੀਂ ਸੀ। ਅੱਜ ਦੇ ਸਮਾਗਮ ’ਚ ਇਕੱਠ ਕਰਨ ਵਿਚ ਸਭ ਤੋਂ ਅਹਿਮ ਯੋਗਦਾਨ ਰੋਡਵੇਜ ਦੀ ਲਾਰੀ ਦਾ ਰਿਹਾ ਹੈ। ਇਸ ਸਬੰਧ ਵਿਚ ਪੀਆਰਟੀਸੀ ਡਿਪੂ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਦਾ ਪੱਖ ਲੈਣ ਲਈ ਉਨ੍ਹਾਂ ਦੇ ਮੋਬਾਇਲ ਫੋਨ ’ਤੇ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ਅਤੇ ਕੀਤੇ ਹੋਏ ਮੈਸੇਜ ਦਾ ਵੀ ਕੋਈ ਜਵਾਬ ਨਹੀਂ ਦਿੱਤਾ।

Advertisement
Advertisement