ਹੜ੍ਹਾਂ ਦੇ ਹਾਲਾਤ ਨਾਲ ਸਿੱਝਣ ’ਚ ਸਰਕਾਰ ਨਾਕਾਮ: ਕਰੀਮਪੁਰੀ
ਗੁਰਿੰਦਰ ਸਿੰਘ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸੂਬੇ ਭਰ ’ਚ ਹੜ੍ਹਾਂ ਦੀ ਮੌਜੂਦਾ ਸਥਿਤੀ ਲਈ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਜ਼ਿੰਮੇਵਾਰ ਹੈ। ਉਹ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਸਸਰਾਲੀ ਕਲੋਨੀ ’ਚ ਸਤਲੁਜ ਬੰਨ੍ਹ ਦੇ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਸਾਹਨੇਵਾਲ ਦੇ ਇੰਚਾਰਜ ਜਗਤਾਰ ਸਿੰਘ ਭਾਮੀਆਂ ਵੀ ਹਾਜ਼ਰ ਸਨ। ਉਨ੍ਹਾਂ ਇਲਾਕਾ ਵਾਸੀਆਂ ਅਤੇ ਫ਼ੌਜ ਵੱਲੋਂ ਸਤਲੁਜ ਦੇ ਪਹਿਲੇ ਬੰਨ੍ਹ ਨੂੰ ਬਚਾਉਣ ਅਤੇ ਉਸ ਦੇ ਟੁੱਟਣ ਤੋਂਂ ਬਾਅਦ ਨਵਾਂ ਰਿੰਗ ਬੰਨ੍ਹ ਬਣਾਉਣ ’ਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਖ਼ੁਦ ਹਿੰਮਤ ਨਾ ਕਰਦੇ ਅਤੇ ਪ੍ਰਸ਼ਾਸਨ ਦੇ ਸਹਾਰੇ ਬੈਠੇ ਰਹਿੰਦੇ ਤਾਂ ਅੱਜ ਪੂਰਾ ਇਲਾਕਾ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਜਾਣਾ ਸੀ।
ਡਾ. ਕਰੀਮਪੁਰੀ ਨੇ ਕਿਹਾ ਕਿ ਰੇਤ ਮਾਫ਼ੀਆ ਨੇ ਪ੍ਰਸ਼ਾਸਨ ਦੀ ਸ਼ਹਿ ’ਤੇ ਰੱਜ ਕੇ ਲੁੱਟ ਕੀਤੀ ਹੈ ਅਤੇ ਵਿਰੋਧ ਕਰਨ ਵਾਲਿਆਂ ਨੂੰ ਪਹਿਲਾਂ ਡਰਾਇਆ ਧਮਕਾਇਆ ਗਿਆ ਅਤੇ ਜਿਹੜੇ ਫਿਰ ਵੀ ਨਾ ਹਟੇ ਤਾਂ ਉਨ੍ਹਾਂ ਉੱਤੇ ਝੂਠੇ ਪਰਚੇ ਤੱਕ ਦਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਬੰਨ੍ਹ ਉੱਤੇ ਹੀ ਰੇਤ ਮਾਫ਼ੀਆ, ਸਰਕਾਰ ਅਤੇ ਪ੍ਰਸ਼ਾਸਨ ਦਾ ਲੋਟੂ ਗੱਠਜੋੜ ਬੇਨਕਾਬ ਹੋ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਸੇਵਕ ਬਣਨ ਦਾ ਡਰਾਮਾ ਛੱਡ ਕੇ ਲੋਕਾਂ ਨੂੰ ਫੌਰੀ ਰਾਹਤ ਦੇਣ ਦਾ ਪ੍ਰਬੰਧ ਕਰਨ ਅਤੇ ਲੋਕਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਸ ਦੀ ਭਰਪਾਈ ਕਰਦਿਆਂ ਭਵਿੱਖ ’ਚ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ ਦੀ ਯੋਜਨਾ ਤਿਆਰ ਕਰਨ।
ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਜਨਤਾ ਪ੍ਰਤੀ ਦੋਵਾਂ ਸਰਕਾਰਾਂ ਦਾ ਰਵੱਈਆ ਲਗਪਗ ਇੱਕੋ ਜਿਹਾ ਹੈ ਅਤੇ ਜਨਤਾ ਦੀ ਸਾਰ ਲੈਣ ਦੀ ਬਜਾਏ ਦੋਵਾਂ ਨੇ ਸਿਆਸਤ ਨੂੰ ਤਰਜੀਹ ਦਿੱਤੀ ਹੋਈ ਹੈ ਜਦਕਿ ਚਾਹੀਦਾ ਤਾਂ ਇਹ ਹੈ ਕਿ ਉਹ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਪੈਕੇਜ ਦੇਣ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਨੇ ਆਪਣੇ ਵਰਕਰਾਂ ਤੋਂ ਇਕੱਠੀ ਕੀਤੀ ਮਾਇਆ ਅਤੇ ਸਮੱਗਰੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਭੇਜੀ ਹੈ ਅਤੇ ਜ਼ਰੂਰਤ ਪਈ ਤਾਂ ਅੱਗੇ ਵੀ ਭੇਜੀ ਜਾਵੇਗੀ। ਇਸ ਮੌਕੇ ਹਰਭਜਨ ਸਿੰਘ ਬਜਰਹੇੜੀ, ਬਲਜੀਤ ਸਿੰਘ ਸਲਾਣਾ, ਬਲਵਿੰਦਰ ਬਿੱਟਾ, ਪ੍ਰਗਣ ਬਿਲਗਾ, ਜੀਤ ਰਾਮ ਬਸਰਾ, ਹਰਭਜਨ ਸਿੰਘ ਦੁਲਮਾ, ਹਰਜਿੰਦਰ ਸੁਜਾਤਵਾਲ, ਰਾਮ ਲੋਕ ਸਿੰਘ ਕੁਲੀਏਵਾਲ ਤੇ ਨਰੇਸ਼ ਬਸਰਾ ਵੀ ਹਾਜ਼ਰ ਸਨ।