ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਕਿਲੋਮੀਟਰ ਸਕੀਮ ਖ਼ਿਲਾਫ਼ ਸਰਕਾਰੀ ਬੱਸਾਂ ਦਾ ਚੱਕਾ ਜਾਮ

ਸਰਕਾਰ ਨੇ ਟੈਂਡਰ ਖੋਲ੍ਹਣ ਦੀ ਪ੍ਰਕਿਰਿਆ 31 ਤੱਕ ਟਾਲੀ; ਮੁਲਾਜ਼ਮਾਂ ਵੱਲੋਂ ਮੁੜ ਚੱਕਾ ਜਾਮ ਦੀ ਚਿਤਾਵਨੀ
ਪੀ ਆਰ ਟੀ ਸੀ ਮੁਲਾਜ਼ਮਾਂ ਵੱਲੋਂ ਪਟਿਆਲਾ ਦੇ ਬੱਸ ਅੱਡੇ ਨੇੜੇ ਚੌਕ ਵਿੱਚ ਖੜ੍ਹੀਆਂ ਕੀਤੀਆਂ ਬੱਸਾਂ। -ਫੋਟੋ: ਰਾਜੇਸ਼ ਸੱਚਰ
Advertisement

‘ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11)’ ਅਤੇ ਪੰਜਾਬ ਸਰਕਾਰ ਦਰਮਿਆਨ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਲਿਆਉਣ ਕਾਰਨ ਚੱਲ ਰਹੀ ਕਸਮਕਸ਼ ਦਾ ਖਮਿਆਜ਼ਾ ਅੱਜ ਮੁੜ ਪੰਜਾਬ ਦੇ ਲੱਖਾਂ ਲੋਕਾਂ ਨੂੰ ਭੁਗਤਣਾ ਪਿਆ। ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਲਈ ਅੱਜ ਟੈਂਡਰ ਖੋਲ੍ਹੇ ਜਾਣ ਤੋਂ ਪਹਿਲਾਂ ਹੀ ਮੁਲਾਜ਼ਮਾਂ ਨੇ ਪਟਿਆਲਾ, ਲੁਧਿਆਣਾ, ਜਲੰਧਰ, ਕਪੂਰਥਲਾ ਅਤੇ ਹੋਰ ਕਈ ਥਾਵਾਂ ’ਤੇ ਚੱਕਾ ਜਾਮ ਕਰ ਦਿੱਤਾ। ਪੰਜਾਬ ਵਿੱਚ ਦੋ ਘੰਟੇ ਚੱਲੀ ਇਸ ਹੜਤਾਲ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਆਮ ਲੋਕ ਖੱਜਲ-ਖ਼ੁਆਰ ਹੋਏ।

ਰੋਡਵੇਜ਼ ਮੁਲਾਜ਼ਮਾਂ ਨੇ ਇਹ ਸੂਬਾਈ ਐਕਸ਼ਨ ਲਗਾਤਾਰ ਜਾਰੀ ਰੱਖਣ ਅਤੇ 24 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ। ਉਧਰ ਸਰਕਾਰ ਨੇ ਟੈਂਡਰ ਖੋਲ੍ਹਣ ਵਾਲੀ ਕਾਰਵਾਈ 31 ਅਕਤੂਬਰ ਤੱਕ ਟਾਲ ਦਿੱਤੀ ਹੈ। ਰੋਡਵੇਜ਼ ਕਾਮਿਆਂ ਨੇ ਇਨ੍ਹਾਂ ਟੈਂਡਰਾਂ ਖ਼ਿਲਾਫ਼ 31 ਅਕਤੂਬਰ ਨੂੰ ਪੰਜਾਬ ਅੰਦਰ ਵੱਡੇ ਪੱਧਰ ’ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

Advertisement

ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ (ਪਟਿਆਲਾ) ਨੇ ਬਿਆਨ ਰਾਹੀਂ ਦੱਸਿਆ ਕਿ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਹੋਏ ਚੱਕਾ ਜਾਮ ਦੌਰਾਨ ਸ਼ਮਸ਼ੇਰ ਢਿੱਲੋਂ, ਰਮਨਦੀਪ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ ਅਤੇ ਜੋਧ ਸਿੰਘ ਨੇ ਸੰਬੋਧਨ ਕੀਤਾ।

ਸੂਬਾਈ ਲੀਡਰਸ਼ਿਪ ਵੱਲੋਂ ਜਿੱਥੇ ਕਿਲੋਮੀਟਰ ਸਕੀਮ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ 17 ਵਰਗਾਂ ਨੂੰ ਪਹਿਲਾਂ ਤੋਂ ਹੀ ਜਾਰੀ ਰਾਹਤ ਸਕੀਮਾਂ ਨੂੰ ਵੀ ਅਦਾਰੇ ਲਈ ਘਾਤਕ ਕਰਾਰ ਦਿੱਤਾ। ਪੰਜ ਸਾਲਾਂ ਤੋਂ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਸਹੂਲਤ ਦੇ ਇਵਜ਼ ਵਜੋਂ ਪਨਬੱਸ ਤੇ ਪੀ ਆਰ ਟੀ ਸੀ ਦਾ 1200 ਕਰੋੜ ਪੰਜਾਬ ਸਰਕਾਰ ਵੱਲ ਬਕਾਇਆ ਹੈ। ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਅਤੇ ਕੰਮ ਬਰਾਬਰ ਤਨਖਾਹ ਦੇਣ ਦੀ ਮੰਗ ਕੀਤੀ।

 

ਪ੍ਰਦਰਸ਼ਨ ਵਿੱਚ 20 ਫ਼ੀਸਦ ਬੱਸਾਂ ਹੀ ਸ਼ਾਮਲ: ਹਡਾਣਾ

ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦਾਅਵਾ ਕੀਤਾ ਕਿ ਅੱਜ ਦੇ ਪ੍ਰਦਰਸ਼ਨ ਦੌਰਾਨ 80 ਫ਼ੀਸਦ ਬੱਸਾਂ ਚਾਲੂ ਰਹੀਆਂ ਕਿਉਂਕਿ ਇਹ ਸਿਰਫ਼ ਇੱਕ ਯੂਨੀਅਨ ਦਾ ਹੀ ਪ੍ਰੋਗਰਾਮ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਿਲੋਮੀਟਰ ਸਕੀਮ ਨੁਕਸਾਨਦਾਇਕ ਨਹੀਂ ਹੈ। ਪੀ ਆਰ ਟੀ ਸੀ ਦੇ ਬੇੜੇ ’ਚ 1184 ਬੱਸਾਂ ਹਨ। ਇਨ੍ਹਾਂ ਬੱਸਾਂ ਤੋਂ ਪੀ ਆਰ ਟੀ ਸੀ ਨੂੰ ਰੋਜ਼ਾਨਾ 2.5 ਕਰੋੜ ਤੋਂ 3 ਕਰੋੜ ਰੁਪਏ ਦੀ ਆਮਦਨੀ ਹੋ ਰਹੀ ਹੈ। ਇਸ ਵਿੱਚੋਂ ਵੀ 1.3 ਕਰੋੜ ਤਾਂ ਨਕਦ ਬਣਦੇ ਹਨ। ਇਕ ਅਧਿਕਾਰੀ ਨੇ ਅੱਜ ਦੇ ਪ੍ਰਦਰਸ਼ਨ ਦੌਰਾਨ ਪੀ ਆਰ ਟੀ ਸੀ ਨੂੰ 30 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਵੀ ਮੰਨੀ ਹੈ।

Advertisement
Show comments