BBC Documentary ’ਚ ਗੋਲਡੀ ਬਰਾੜ ਦਾ ਦਾਅਵਾ...ਲਾਰੈਂਸ ਦੇ ਸੰਪਰਕ ਵਿਚ ਸੀ ਮੂਸੇਵਾਲਾ
ਮਰਹੂਮ ਗਾਇਕ ਦਾ ਪਰਿਵਾਰ ਯੂਟਿਊਬ ’ਤੇ ਰਿਲੀਜ਼ ਦਸਤਾਵੇਜ਼ੀ ਨੂੰ ਕਰ ਚੁੱਕਾ ਹੈ ਰੱਦ
ਅਰਚਿਤ ਵਾਟਸ
ਮਾਨਸਾ, 11 ਜੂਨ
ਬੀਬੀਸੀ ਵਰਲਡ ਸਰਵਿਸ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਬਾਰੇ ਅੱਜ ਰਿਲੀਜ਼ ਕੀਤੀ ਦਸਤਾਵੇਜ਼ੀ ਵਿਚ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੇ ਇਕ ਕਥਿਤ ਇੰਟਰਵਿਊ ਹੈਰਾਨੀਜਨਕ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿਚ ਸੀ। ਲਾਰੈਂਸ ਦੇਸ਼ ਦੇ ਸਭ ਤੋਂ ਬਦਨਾਮ ਗੈਂਗਸਟਰਾਂ ਵਿੱਚੋਂ ਇੱਕ ਹੈ, ਜੋ ਫਾਜ਼ਿਲਕਾ ਜ਼ਿਲ੍ਹੇ ਦੇ ਦਤਾਰਾਂਵਾਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਇੱਕ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਬੰਦ ਹੈ।
ਗੋਲਡੀ ਬਰਾੜ ਨੇ ਦਾਅਵਾ ਕੀਤਾ, ‘‘ਸਿੱਧੂ, ਲਾਰੈਂਸ ਦੀ ਚਾਪਲੂਸੀ ਕਰਨ ਲਈ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦੇ ਸੁਨੇਹੇ ਭੇਜਦਾ ਸੀ।’’ ਗੋਲਡੀ ਨੇ ਦੋਸ਼ ਲਗਾਇਆ ਕਿ ਮੂਸੇਵਾਲਾ ਨੇ ਭਾਗੋਮਾਜਰਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਵਿਰੋਧੀਆਂ ਦੀ ਹਮਾਇਤ ਕੀਤੀ ਸੀ, ਜਿਸ ਕਾਰਨ ਤਣਾਅ ਪੈਦਾ ਹੋ ਗਿਆ ਸੀ। ਉਧਰ ਮੂਸੇਵਾਲਾ ਦਾ ਪਰਿਵਾਰ ਪਹਿਲਾਂ ਹੀ ਇਸ ਦਸਤਾਵੇਜ਼ੀ ਨੂੰ ਰੱਦ ਕਰ ਚੁੱਕਾ ਹੈ ਤੇ ਮਰਹੂਮ ਗਾਇਕ ਦੇ ਪਿਤਾ ਨੇ ਮਾਨਸਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਮੂਸੇਵਾਲਾ ਦੇ ਕਤਲ ਨੂੰ ਜਾਇਜ਼ ਠਹਿਰਾਉਂਦੇ ਹੋਏ ਗੋਲਡੀ ਬਰਾੜ ਨੇ ਕਿਹਾ, ‘‘ਉਸ ਨੇ (ਮੂਸੇਵਾਲਾ) ਆਪਣੇ ਸਿਆਸੀ ਅਸਰ ਰਸੂਖ਼, ਪੈਸੇ ਅਤੇ ਸਰੋਤਾਂ ਦੀ ਵਰਤੋਂ ਨਾਲ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਮਾਰਿਆ। ਕੋਈ ਨਹੀਂ ਸੁਣ ਰਿਹਾ ਸੀ, ਇਸ ਲਈ ਅਸੀਂ ਇਸ ਕੰਮ ਨੂੰ ਆਪਣੇ ਹੱਥ ਲੈ ਲਿਆ। ਜਦੋਂ ਸ਼ਿਸ਼ਟਾਚਾਰ ਅਸਫਲ ਹੋ ਜਾਂਦਾ ਹੈ, ਤਾਂ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ।’’
ਬਰਾੜ ਨੇ ਕਿਹਾ, ‘‘ਸਿਰਫ਼ ਤਾਕਤਵਰ ਹੀ ਇਨਸਾਫ਼ ਦੀ ਉਮੀਦ ਕਰ ਸਕਦੇ ਹਨ, ਸਾਡੇ ਵਰਗੇ ਆਮ ਲੋਕ ਨਹੀਂ। ਵਿੱਕੀ ਮਿੱਡੂਖੇੜਾ ਦਾ ਭਰਾ ਇੱਕ ਸਿਆਸਤਦਾਨ ਹੈ, ਇੱਕ ਸਾਫ਼-ਸੁਥਰਾ ਆਦਮੀ ਹੈ। ਉਸ ਨੇ ਆਪਣੇ ਭਰਾ ਨੂੰ ਕਾਨੂੰਨੀ ਤੌਰ ’ਤੇ ਇਨਸਾਫ਼ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਰਪਾ ਕਰਕੇ ਉਸ ਨੂੰ ਪੁੱਛੋ ਅਤੇ ਦੇਖੋ ਕਿ ਇਹ ਕਿਵੇਂ ਚੱਲ ਰਿਹਾ ਹੈ... ਮੈਂ ਆਪਣੇ ਭਰਾ ਲਈ ਜੋ ਕਰਨਾ ਸੀ ਉਹ ਕੀਤਾ। ਮੈਨੂੰ ਕੋਈ ਪਛਤਾਵਾ ਨਹੀਂ ਹੈ। ਦਰਅਸਲ, ਮੈਨੂੰ ਇਸ ’ਤੇ ਮਾਣ ਹੈ।’’
ਵਿਕਰਮਜੀਤ ਸਿੰਘ, ਉਰਫ਼ ਵਿੱਕੀ ਮਿੱਡੂਖੇੜਾ, ਜੋ ਕਿ ਯੂਥ ਅਕਾਲੀ ਦਲ (YAD) ਦਾ ਆਗੂ ਸੀ, ਦੀ 7 ਅਗਸਤ, 2021 ਨੂੰ ਮੁਹਾਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਦੇ ਲਾਰੈਂਸ ਅਤੇ ਗੋਲਡੀ ਦੋਵਾਂ ਦਾ ਕਰੀਬੀ ਦੋਸਤ ਅਤੇ ਸਲਾਹਕਾਰ ਰਹੇ ਵਿੱਕੀ ਨੇ ਲਾਰੈਂਸ ਨੂੰ ਡੀਏਵੀ ਕਾਲਜ, ਚੰਡੀਗੜ੍ਹ ਵਿੱਚ SOPU ਦਾ ਪ੍ਰਧਾਨ ਬਣਨ ਵਿੱਚ ਮਦਦ ਕੀਤੀ ਸੀ।
ਇਸ ਦੌਰਾਨ ਗੋਲਡੀ ਦੇ ਇੰਟਰਵਿਊ ਨੇ ਪੰਜਾਬ ਪੁਲੀਸ ਅਤੇ ਕੇਂਦਰੀ ਏਜੰਸੀਆਂ ਦੇ ਕੰਮਕਾਜ ਬਾਰੇ ਮੁੜ ਤੋਂ ਸਵਾਲ ਖੜ੍ਹੇ ਕੀਤੇ ਹਨ। ਅਥਾਰਿਟੀਜ਼ ਗੋਲਡੀ ਦੇ ਟਿਕਾਣੇ ਤੋਂ ਅਣਜਾਣ ਹੋਣ ਦਾ ਦਾਅਵਾ ਕਰਦੀਆਂ ਹਨ, ਪਰ ਉਹ ਮੀਡੀਆ ਇੰਟਰਵਿਊਆਂ ਵਿੱਚ ਖੁੱਲ੍ਹ ਕੇ ਦਿਖਾਈ ਦਿੰਦਾ ਹੈ। ਗੋਲਡੀ, ਜੋ ਸੇਵਾਮੁਕਤ ਏਐੱਸਆਈ ਦਾ ਪੁੱਤਰ ਅਤੇ ਮੁਕਤਸਰ ਦਾ ਵਸਨੀਕ ਹੈ, ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (SOPU) ਦਾ ਹਿੱਸਾ ਸੀ, ਜਿੱਥੇ ਉਹ ਲਾਰੈਂਸ ਬਿਸ਼ਨੋਈ ਨੂੰ ਮਿਲਿਆ ਸੀ। ਦੋਵੇਂ ਬਾਅਦ ਵਿੱਚ ਦੇਸ਼ ਦੇ ਸਭ ਤੋਂ ਬਦਨਾਮ ਗੈਂਗਸਟਰਾਂ ਵਿੱਚੋਂ ਇੱਕ ਬਣ ਗਏ।