ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਹੋਵੇਗਾ ਮੁੱਖ ਤਰਜੀਹ: ਅਨੁਰਾਗ ਵਰਮਾ
ਟ੍ਰਿਬਿੳੂਨ ਨਿੳੂਜ਼ ਸਰਵਿਸ/ਪੀਟੀਆਈ
ਚੰਡੀਗਡ਼੍ਹ, 1 ਜੁਲਾਈ
ਸੀਨੀਅਰ ਆਈਏਅੈੱਸ ਅਧਿਕਾਰੀ ਅਨੁਰਾਗ ਵਰਮਾ ਨੇ ਅੱਜ ਇੱਥੇ ਪੰਜਾਬ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ 1993 ਬੈਚ ਦੇ ਅਧਿਕਾਰੀ ਹਨ, ਜਿਨ੍ਹਾਂ 1989 ਬੈਚ ਦੇ ਵੀ.ਕੇ. ਜੰਜੂਆ ਦੀ ਸੇਵਾਮੁਕਤੀ ਮਗਰੋਂ ਅੱਜ ਇਹ ਅਹੁਦਾ ਸੰਭਾਲਿਆ। ਅੱਜ ਸ੍ਰੀ ਵਰਮਾ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿੱਚ ਅਹੁਦਾ ਸੰਭਾਲਣ ਮੌਕੇ ਸ੍ਰੀ ਜੰਜੂਆ ਤੇ ਹੋਰ ਆਈਏਅੈੱਸ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਵਰਮਾ ਇਸ ਤੋਂ ਪਹਿਲਾਂ ਗ੍ਰਹਿ ਤੇ ਨਿਆਂ ਵਿਭਾਗ ਤੋਂ ਇਲਾਵਾ ਕਈ ਹੋਰ ਮਹਿਕਮਿਆਂ ਦੇ ਵਧੀਕ ਸਕੱਤਰ ਤੇ ਇਸ ਤੋਂ ਪਹਿਲਾਂ ਬਠਿੰਡਾ, ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਜੋਂ ਕੰਮ ਕਰ ਚੁੱਕੇ ਹਨ। ਸ੍ਰੀ ਵਰਮਾ ਕੋਲ ਮੁੱਖ ਸਕੱਤਰ ਦੇ ਮੌਜੂਦਾ ਅਹੁਦੇ ਸਣੇ ਪ੍ਰਮੁੱਖ ਸਕੱਤਰ ਪ੍ਰਸੋਨਲ ਤੇ ਵਿਜੀਲੈਂਸ ਦਾ ਵਾਧੂ ਚਾਰਜ ਵੀ ਰਹੇਗਾ। ਸ੍ਰੀ ਵਰਮਾ ਨੇ ਕਿਹਾ ਕਿ ਸਿਹਤ, ਸਿੱਖਿਆ ਤੇ ਸੂਬੇ ਦੇ ਸਰਵਪੱਖੀ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ ਸੂਬਾ ਵਾਸੀਆਂ ਨੂੰ ਸਾਫ-ਸੁਥਰੀਆਂ, ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣਾ ਪ੍ਰਮੁੱਖ ਤਰਜੀਹ ਹੋਵੇਗੀ। ਉਹ ਜ਼ਮੀਨੀ ਪੱਧਰ ਉਤੇ ਲੋਕਾਂ ਦੇ ਸੁਝਾਵਾਂ ਨੂੰ ਨਾਲ ਲੈ ਕੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਬਿਹਤਰ ਨਾਗਰਿਕ ਸੇਵਾਵਾਂ ਨੂੰ ਲਾਗੂ ਕਰਨ ’ਤੇ ਧਿਆਨ ਦੇਣਗੇ ਤਾਂ ਕਿ ਲੋਕ ਭਲਾਈ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਲੋਕਾਂ ਨੂੰ ਪੂਰਾ ਲਾਭ ਮਿਲ ਸਕੇ। ਇਸੇ ਤਰ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਤਰਜੀਹੀ ਆਧਾਰ ਉਤੇ ਫੌਰੀ ਹੱਲ ਕਰਵਾਇਆ ਜਾਵੇਗਾ। ਸ੍ਰੀ ਵਰਮਾ ਦਾ ਜੱਦੀ ਪਿੰਡ ਪਟਿਆਲਾ ਜ਼ਿਲੇ ਵਿੱਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜਨੀਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਇਸ ਅਧਿਕਾਰੀ ਨੇ 1993 ਵਿੱਚ ਯੂਪੀਐਸਸੀ ਦੀ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ ਸੱਤਵਾਂ ਸਥਾਨ ਹਾਸਲ ਕੀਤਾ ਸੀ।
ਅਨੁਰਾਗ ਵਰਮਾ ਨੇ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਟੇਕਿਆ ਮੱਥਾ
ਅੰਮ੍ਰਿਤਸਰ (ਟਨਸ): ਸੂਬੇ ਦੇ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣ ਮਗਰੋਂ ਅਨੁਰਾਗ ਵਰਮਾ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਮੱਥਾ ਟੇਕਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਥੇ ਆਮਦ ਮੌਕੇ ਗਰਮਜੋਸ਼ੀ ਨਾਲ ਮੁੱਖ ਸਕੱਤਰ ਨੂੰ ਜੀ ਆਇਆਂ ਕਿਹਾ ਗਿਆ ਤੇ ਪੁਲੀਸ ਦੇ ਜਵਾਨਾਂ ਨੇ ਸਲਾਮੀ ਦੇ ਕੇ ਰਸਮੀ ਤੌਰ ’ਤੇ ਸਵਾਗਤ ਕੀਤਾ। ਸ੍ਰੀ ਵਰਮਾ ਦੇ ਨਾਲ ਉਨ੍ਹਾਂ ਦੀ ਪਤਨੀ ਨਵਦੀਪ ਵਰਮਾ ਤੇ ਪੁੱਤਰ ਆਇਨ ਵਰਮਾ ਵੀ ਸਨ।