ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab By polls ਗਿੱਦੜਬਾਹਾ ਚੋਣ: ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ ਨੋਟਿਸ ਜਾਰੀ

Punjab By polls: ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੇ ਕਮਿਸ਼ਨ ਨੂੰ ਜਵਾਬ ਭੇਜੇ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 13 ਨਵੰਬਰ

Advertisement

Punjab By polls: ਚੋਣ ਕਮਿਸ਼ਨ ਨੇ ਅੱਜ ਹਲਕਾ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਏਜੰਟ ਵਿਪਨ ਕੁਮਾਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ ਕਿ ‘ਆਪ’ ਵੱਲੋਂ ਛਪਵਾਏ ਗਏ ਪੋਸਟਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ ਅਤੇ ਇਨ੍ਹਾਂ ਦੋਵੇਂ ਚਿਹਰਿਆਂ ’ਤੇ ਬਲੈਕ ਕਰਾਸ ਲਗਾਏ ਗਏ ਹਨ। ਗਿੱਦੜਬਾਹਾ ਦੇ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਜਸਪਾਲ ਸਿੰਘ ਬਰਾੜ ਨੇ ਡਿੰਪੀ ਢਿੱਲੋਂ ਨੂੰ ਨੋਟਿਸ ਭੇਜ ਕੇ ਲਿਖਿਆ ਹੈ ਕਿ ਪ੍ਰਵਾਨਗੀ ਤੋਂ ਬਿਨਾਂ ਪੋਸਟਰਾਂ ’ਤੇ ਤਸਵੀਰ ਨਹੀਂ ਲਗਾਈ ਜਾ ਸਕਦੀ ਹੈ।

ਰਿਟਰਨਿੰਗ ਅਫ਼ਸਰ ਨੇ ਅਜਿਹੇ ਪੋਸਟਰਾਂ ਨੂੰ 24 ਘੰਟਿਆਂ ਵਿੱਚ ਉਤਾਰੇ ਜਾਣ ਦੇ ਹੁਕਮ ਜਾਰੀ ਕਰਦਿਆਂ ਤਾੜਨਾ ਕੀਤੀ ਹੈ ਕਿ ਅਜਿਹਾ ਨਾ ਕੀਤਾ ਗਿਆ ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੋ ਨੋਟਿਸ ਜਾਰੀ ਕੀਤੇ ਗਏ ਸਨ ਜਦੋਂ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ। ਅੱਜ ਕਾਂਗਰਸੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਜਵਾਬ ਰਿਟਰਨਿੰਗ ਅਫ਼ਸਰ ਨੂੰ ਭੇਜ ਦਿੱਤੇ ਹਨ।

ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਦੋਸ਼ ਸਨ ਕਿ ਉਨ੍ਹਾਂ ਨੇ ਮਸਜਿਦ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕੀਤਾ। ਇਸ ਦੇ ਜਵਾਬ ਵਿੱਚ ਮਸਜਿਦ ਦੀ ਕਮੇਟੀ ਦੇ ਪ੍ਰਧਾਨ ਅਤੇ ਮੌਲਵੀ ਨੇ ਬਿਆਨ ਦਿੱਤੇ ਹਨ ਕਿ ਰਾਜਾ ਵੜਿੰਗ ਨਮਾਜ਼ ਅਦਾ ਕਰਨ ਵਾਸਤੇ ਆਏ ਸਨ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਨੌਕਰੀਆਂ ਦਾ ਚੋਗਾ ਪਾਏ ਜਾਣ ਬਾਰੇ ਸ਼ਿਕਾਇਤ ਹੋਈ ਸੀ। ਇਸ ਦੇ ਜਵਾਬ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਤਾਂ ਸਿਰਫ਼ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਮਸ਼ਵਰਾ ਦੇ ਰਹੇ ਸਨ ਅਤੇ ਜੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਵਿੱਚ ਤਕਨੀਕੀ ਹੇਰਫੇਰ ਕਰ ਕੇ ਗ਼ਲਤ ਪੇਸ਼ਕਾਰੀ ਕੀਤੀ ਗਈ ਹੈ। ਦੋ ਗਵਾਹਾਂ ਨੇ ਵੀ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਗਵਾਹੀ ਦਿੱਤੀ ਹੈ।

ਅਮਰਿੰਦਰ ਸਿੰਘ ਵੜਿੰਗ ਨੂੰ ਦੂਸਰਾ ਨੋਟਿਸ ਵਿੱਤੀ ਲਾਲਚ ਦੇਣ ਦੇ ਦੋਸ਼ ਹੇਠ ਜਾਰੀ ਕੀਤਾ ਗਿਆ ਸੀ, ਜਿਸ ਬਾਰੇ ਰਿਟਰਨਿੰਗ ਅਫ਼ਸਰ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਤੋਂ ਰਿਪੋਰਟ ਮੰਗੀ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ, ਜਿੱਥੇ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਹਲਕਾ ਗਿੱਦੜਬਾਹਾ ਦੀ ਚੋਣ ਵਿੱਚ ਵੱਡੇ ਸਿਆਸੀ ਧੁਨੰਤਰ ਚੋਣ ਮੈਦਾਨ ਵਿੱਚ ਹਨ, ਜਿਸ ਕਰ ਕੇ ਇਨ੍ਹਾਂ ਹਲਕਿਆਂ ਦਾ ਮਾਹੌਲ ਕਾਫ਼ੀ ਭਖਿਆ ਹੋਇਆ ਹੈ।

ਬਿੱਟੂ ਕੋਲ ਤੀਰ ਇੱਕ, ਨਿਸ਼ਾਨੇ ਦੋ..

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਹਲਕਾ ਗਿੱਦੜਬਾਹਾ ਦੇ ਚੋਣ ਪ੍ਰਚਾਰ ਨੂੰ ਪ੍ਰਮੁੱਖਤਾ ਨਾਲ ਲੈ ਰਹੇ ਹਨ। ਰਵਨੀਤ ਬਿੱਟੂ ਇੱਕੋ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੇ ਰੌਂਅ ਵਿੱਚ ਜਾਪਦੇ ਹਨ। ਉਹ ਆਪਣੇ ਵਿਰੋਧੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਿਆਸੀ ਤੌਰ ’ਤੇ ਇਸ ਚੋਣ ਵਿੱਚ ਚਿੱਤ ਕਰਨਾ ਚਾਹੁੰਦੇ ਹਨ ਅਤੇ ਦੂਜਾ ਉਹ ਭਾਜਪਾ ਵਿੱਚ ਵੀ ਆਪਣਾ ਸਿਆਸੀ ਕੱਦ ਕਾਇਮ ਰੱਖਣ ਵਾਸਤੇ ਰਾਜਸੀ ਠਿੱਬੀ ਲਾਉਣ ਦਾ ਮੌਕਾ ਖੁੰਝਣ ਨਹੀਂ ਦੇਣਾ ਚਾਹੁੰਦੇ ਹਨ।

Advertisement
Tags :
Punjab By polls