ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗ਼ਜ਼ਲਗੋ ਅਤੇ ਕਵੀ ਸਿਰੀ ਰਾਮ ਅਰਸ਼ ਦਾ ਦੇਹਾਂਤ

ਮੁਹਾਲੀ ਵਿੱਚ ਹੋਇਆ ਸਸਕਾਰ; ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Advertisement

ਪੰਜਾਬੀ ਦੇ ਗ਼ਜ਼ਲਗੋ ਅਤੇ ਕਵੀ ਸਿਰੀ ਰਾਮ ਅਰਸ਼ ਦਾ ਬੀਤੀ ਰਾਤ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 91 ਵਰ੍ਹਿਆਂ ਦੇ ਸਨ ਅਤੇ ਪਿਛਲੇ ਦੋ ਕੁ ਮਹੀਨੇ ਤੋਂ ਬਿਮਾਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਇੱਕ ਧੀ ਹੈ। ਉਹ ਲੋਕ ਸੰਪਰਕ ਵਿਭਾਗ ਵਿੱਚੋਂ ਜੁਆਇੰਟ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਸਨ। ਉਹ ਜਾਗ੍ਰਤੀ ਰਸਾਲੇ ਦੇ ਲੰਬਾ ਸਮਾਂ ਸੰਪਾਦਕ ਵੀ ਰਹੇ। ਉਨ੍ਹਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਵੀ ਦਿੱਤਾ ਗਿਆ ਸੀ। ਉਹ ਮੁਹਾਲੀ ਦੇ ਫੇਜ਼ ਦਸ ਵਿੱਚ ਰਹਿ ਰਹੇ ਸਨ ਤੇ ਸਾਹਿਤਕ ਜਥੇਬੰਦੀਆਂ ਨਾਲ ਜੁੜੇ ਹੋਏ ਸਨ। 15 ਦਸੰਬਰ 1934 ਨੂੰ ਲੁਧਿਆਣਾ ’ਚ ਜਨਮੇ ਸਿਰੀ ਰਾਮ ਅਰਸ਼ ਨੇ ਉਰਦੂ ਤੋਂ ਲਿਖਣਾ ਸ਼ੁਰੂ ਕੀਤਾ ਅਤੇ ਫਿਰ ਪੰਜਾਬੀ ਅਤੇ ਹਿੰਦੀ ਵਿੱਚ ਵੀ ਲਿਖਿਆ। ਉਨ੍ਹਾਂ ਕੁੱਲ 21 ਕਿਤਾਬਾਂ ਲਿਖੀਆਂ। ਇਨ੍ਹਾਂ ਵਿੱਚ ‘ਰਬਾਬ’, ‘ਤੁਮ ਚੰਦਨ’, ‘ਅਗਨਾਰ’, ‘ਸੰਖ ਤੇ ਸਿੱਪੀਆਂ’, ‘ਸਰਘੀਆਂ ਤੇ ਸਮੁੰਦਰ’, ‘ਕਿਰਨਾਂ ਦੀ ਬੁੱਕਲ’, ‘ਸਪਰਸ਼’, ‘ਪੁਰਸਲਾਤ’, ‘ਗਜ਼ਲ ਸਮੁੰਦਰ’, ‘ਅਗੰਮੀ ਨੂਰ’, ‘ਪੰਥ ਸਜਾਇਓ ਖਾਲਸਾ’, ‘ਸਮੁੰਦਰ ਸੰਜਮ’ ਆਦਿ ਕਾਵਿ ਅਤੇ ਗਜ਼ਲ ਸੰਗ੍ਰਹਿ ਤੋਂ ਇਲਾਵਾ ਨਾਵਲ ‘ਸੰਦਲੀ ਪੌਣ’ ਅਤੇ ਹਿੰਦੀ ਵਿੱਚ ਮਹਾਂਕਾਵਿ ‘ਗੁਰੂ ਮਿਲਿਓ ਰਵਿਦਾਸ’ ਸ਼ਾਮਲ ਹਨ।

ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਹੋਇਆ ਅੰਤਿਮ ਸੰਸਕਾਰ

ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਲੇਖਕ ਸੁਖਦੇਵ ਸਿੰਘ ਸਿਰਸਾ, ਦੀਪਕ ਚਨਾਰਥਲ, ਭੁਪਿੰਦਰ ਮਟੌਰੀਆ, ਸਰਦਾਰਾ ਸਿੰਘ ਚੀਮਾ, ਡਾ. ਲਾਭ ਸਿੰਘ ਖੀਵਾ, ਗੁਰਦਰਸ਼ਨ ਸਿੰਘ ਮਾਵੀ, ਭਗਤ ਰਾਮ ਰੰਗਾੜਾ, ਧਿਆਨ ਸਿੰਘ ਕਾਹਲੋਂ, ਕਾਮਰੇਡ ਦੇਵੀ ਦਿਆਲ, ਕਾਮਰੇਡ ਜੋਗਾ ਸਿੰਘ ਸਣੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਹੋਰ ਹਾਜ਼ਰ ਸਨ। ਭਾਸ਼ਾ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਦਵਿੰਦਰ ਬੋਹਾ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਰਿਪੁਦਮਨ ਸਿੰਘ ਰੂਪ, ਰੰਜੀਵਨ ਸਿੰਘ, ਅਸ਼ੋਕ ਬਜਹੇੜੀ ਆਦਿ ਨੇ ਸਿਰੀ ਰਾਮ ਅਰਸ਼ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਹੈ। ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ, ਤੇ ਪ੍ਰਗਤੀਸ਼ੀਲ ਲੇਖਕ ਸੰਘ ਸਣੇ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਮਨਮੋਹਨ, ਡਾ. ਸਰਬਜੀਤ ਕੌਰ ਸੋਹਲ, ਬਲਵਿੰਦਰ ਉੱਤਮ, ਸ਼ਾਮ ਸਿੰਘ ਅੰਗ ਸੰਗ, ਡਾ. ਯੋਗਰਾਜ ਅੰਗਰੀਸ਼, ਬਲੀਜੀਤ, ਗੁਲ ਚੌਹਾਨ, ਡਾ. ਸ਼ਿੰਦਰ ਪਾਲ ਸਿੰਘ, ਗੁਰਦੇਵ ਚੌਹਾਨ ਤੇ ਹੋਰ ਸਹਿਤਕਾਰਾਂ ਨੇ ਉਨ੍ਹਾਂ ਦੀ ਵਿਦਾਇਗੀ ਨੂੰ ਪੰਜਾਬੀ ਸਾਹਿਤ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਾਹਿਤਕਾਰਾਂ ਨੇ ਕਿਹਾ ਕਿ ਸਿਰੀ ਰਾਮ ਅਰਸ਼ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਅਮੁੱਲ ਖ਼ਜ਼ਾਨਾ ਹਨ। ਉਨ੍ਹਾਂ ਦੀਆਂ ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਗ਼ਜ਼ਲਾਂ ਨੇ ਸਮਾਜਿਕ ਅਸਮਾਨਤਾ, ਗ਼ਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁਹਜ ਨਾਲ ਪੇਸ਼ ਕੀਤਾ।

Advertisement

Advertisement