ਗ਼ਜ਼ਲ ਸੰਗ੍ਰਹਿ ਲੋਕ ਅਰਪਣ
ਇਥੇ ‘ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਨੇ ਗਲੋਬਲ ਇੰਸਟੀਚਿਊਟ ਵਿਖੇ ਕਰਵਾਏ ਵਿਸ਼ੇਸ਼ ਕਵੀ ਦਰਬਾਰ ਦੌਰਾਨ ਪ੍ਰਸਿੱਧ ਗ਼ਜ਼ਲਕਾਰ ਅਤੇ ਸੰਪਾਦਕ ਜਸਵੰਤ ਵਾਗਲਾ ਦੇ ਸੰਪਾਦਤ ਗ਼ਜ਼ਲ ਸੰਗ੍ਰਹਿ ‘ਤਾਰਿਆਂ ਦੀ ਮਹਿਫ਼ਲ’ ਲੋਕ ਅਰਪਣ ਕੀਤੀ। ਇਹ ਪੁਸਤਕ ਭਾਰਤ ਅਤੇ ਪਾਕਿਸਤਾਨ ਦੇ ਚੋਣਵੇਂ ਇੱਕ ਸੌ ਇਕ ਗ਼ਜ਼ਲਕਾਰਾਂ ਦੀਆਂ ਰਚਨਾਵਾਂ ਦਾ ਵਿਲੱਖਣ ਸੰਗ੍ਰਹਿ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਸ਼ਹੂਰ ਗੀਤਕਾਰ ਰੱਤੂ ਰੰਧਾਵਾ, ਤਾਜ ਰੱਤੂ, ਮਿੰਨੀ ਕਹਾਣੀਕਾਰ ਤੇ ਪੱਤਰਕਾਰ ਜਸਪਾਲ ਗੁਲਾਟੀ ਅਤੇ ਲੁਧਿਆਣਾ ਤੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਹਿਤੈਸ਼ੀ ਰਵਿੰਦਰ ਕਪੂਰ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਰਮਿੰਦਰ ਹਰਮਨ ਨੇ ਨਿਭਾਈ। ਸਮਾਗਮ ਦੌਰਾਨ ਰੱਤੂ ਰੰਧਾਵਾ ਨੇ ਆਪਣੇ ਗੀਤਾਂ ‘ਤੰਦਰੁਸਤੀਆਂ’, ‘ਧਰਤੀ ਬ੍ਰਿਸਬੇਨ ਦੀ’ ਅਤੇ ‘ਮੈਂ ਉਸ ਦੇਸ਼ ਦਾ ਵਾਸੀ’ ਰਾਹੀਂ ਮਨੁੱਖੀ ਸਬੰਧਾਂ, ਸਥਾਨਕ ਸੁੰਦਰਤਾ ਅਤੇ ਸਮਾਜਿਕ ਨਿਘਾਰਾਂ ਨੂੰ ਉਜਾਗਰ ਕੀਤਾ। ਗਾਇਕ ਪਰਮਿੰਦਰ ਦੀ ਕਵਿਤਾ ਅਤੇ ਜਸਪਾਲ ਗੁਲਾਟੀ ਦੀ ਮਿਨੀ ਕਹਾਣੀ ‘ਬੋਲ’ ਨੇ ਸਕਾਰਾਤਮਕ ਸੁਨੇਹਾ ਦਿੱਤਾ। ਰਵਿੰਦਰ ਕਪੂਰ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸੰਭਾਲ ਲਈ ਸੁਝਾਅ ਪੇਸ਼ ਕੀਤੇ। ਦਿਨੇਸ਼ ਸ਼ੇਖੂਪੁਰੀਆ ਦੀ ਕਵਿਤਾ ‘ਕੁੜੀ’ ਨੇ ਭਾਰਤੀ ਸਮਾਜ ਵਿੱਚ ਔਰਤ ਦੇ ਸੰਤਾਪ ਨੂੰ ਪੇਸ਼ ਕੀਤਾ ਅਤੇ ਦਲਜੀਤ ਸਿੰਘ ਨੇ ਕੀਰਤਨ ਕੀਤਾ। ਪੁਸਤਕ ਮਸ਼ਹੂਰ ਉਸਤਾਦ ਗੁਰਦਿਆਲ ਰੌਸ਼ਨ ਨੂੰ ਸਮਰਪਿਤ ਹੈ। ਸਮਾਗਮ ਵਿੱਚ ਕੁਲਵਿੰਦਰ ਸਿੰਘ ਗੋਸਲ, ਦਿਨੇਸ਼ ਸ਼ੇਖੂਪੁਰੀਆ, ਰਵਿੰਦਰ ਕਪੂਰ, ਜਸਵੰਤ ਵਾਗਲਾ, ਦਲਜੀਤ ਸਿੰਘ, ਮੇਹਰ ਚੰਦ ਅਤੇ ਅਸ਼ੋਕ ਕੁਮਾਰ ਵਰਗੇ ਪ੍ਰਮੁੱਖ ਸਾਹਿਤਕਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਨੇ ਕੀਤੀ।
