ਘੱਗਰ ਦਾ ਖ਼ਤਰਾ : ਲੋਕਾਂ ਨੇ ਘਰਾਂ ਅੱਗੇ ਲਾਈਆਂ ਰੇਤੇ ਦੀਆਂ ਬੋਰੀਆਂ
ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਿਰਕੱਪੜਾ ਵਿਖੇ ਘੱਗਰ ਦਰਿਆ ਦਾ ਪੁਲ ਬੰਦ ਹੋਇਆ
Advertisement
ਜ਼ਿਲ੍ਹੇ ਦੇ ਕਸਬੇ ਘਨੌਰ ਕੋਲੋਂ ਲੰਘਦੇ ਘੱਗਰ ਦਾ ਖ਼ਤਰਾ ਅਜੇ ਬਣਿਆ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਹੋਰਾਂ ਖੇਤਰਾਂ ਦੇ ਹਾਲਤਾਂ ਤੋਂ ਡਰੇ ਲੋਕਾਂ ਨੇ ਆਪਣੇ ਘਰਾਂ ਨੂੰ ਸੁਰੱਖਿਅਤ ਕਰਨ ਲਈ ਆਪਣੇ ਘਰਾਂ ਦੇ ਬਾਹਰ ਮਿੱਟੀ ਦੇ ਥੇਲੇ ਭਰ ਕੇ ਰੱਖਣੇ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਾਲਾ ਕੋਲ ਘੱਗਰ ਅਜੇ ਵੀ ਕਾਫੀ ਚੜਿਆ ਹੋਇਆ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ।
ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਨੌਰ ਹਲਕੇ ਦੇ ਪਿੰਡ ਸਿਰਕੱਪੜਾ ਵਿਖੇ ਘੱਗਰ ਦਰਿਆ ਦਾ ਪੁਲ ਹੋਇਆ ਬੰਦ
ਉਧਰ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਸਨੌਰ ਹਲਕੇ ਦੇ ਪਿੰਡ ਸਿਰਕੱਪੜਾ ਵਿਖੇ ਘੱਗਰ ਦਰਿਆ ਦਾ ਪੁਲ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਬੰਦ ਹੋ ਗਿਆ ਹੈੇ। ਇਸ ਪੁਲ ਦੇ ਬੰਦ ਹੋਣ ਕਾਰਨ ਤਕਰੀਬਨ ਪੰਜਾਹ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਦਾ ਆਉਣ ਜਾਣ ਦਾ ਰਸਤਾ ਬੰਦ ਹੋ ਗਿਆ ਹੈ। ਭਾਜਪਾ ਆਗੂ ਪ੍ਰਿੰਸੀਪਲ ਡਾ ਹਰਦੀਪ ਸਿੰਘ ਤੇਜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਸ ਪੁਲ ਲਈ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਦੀ ਕੋਸ਼ਿਸ਼ ਨਾਲ ਪੰਦਰਾਂ ਲੱਖ ਰੁਪਏ ਪੁਲ ਦੀ ਮੁਰੰਮਤ ਲਈ ਮਨਜ਼ੂਰ ਕੀਤੇ ਸਨ ਜੋ ਕਿ ਅੱਜ ਤੱਕ ਖਰਚੇ ਨਹੀਂ ਗਏ ਹਨ।
ਡਾ ਤੇਜਾ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਉਹ ਖੁਦ ਪੁਲ ਦੀ ਮੁਰੰਮਤ ਕਰਵਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ ਪੰਦਰਾਂ ਲੱਖ ਰੁਪਏ ਮਨਜ਼ੂਰ ਹੋ ਚੁੱਕੇ ਹਨ ਅਤੇ ਕਮੇਟੀ ਬਣਾ ਕੇ ਜਲਦੀ ਪੁਲ ਦੀ ਮੁਰੰਮਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਕਸੀਅਨ ਡਰੇਨਜ ਵਿਭਾਗ ਨੇ ਮੈਨੂੰ ਭਰੋਸਾ ਦਿੱਤਾ ਕਿ ਪੁਲ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਪੁਲ ਦੀ ਮੁਰੰਮਤ ਨਹੀਂ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਲਦ ਮੁੱਦਾ ਚੁੱਕਿਆ ਜਾਵੇਗਾ।
Advertisement