ਭਖਦੇ ਮਸਲਿਆਂ ’ਤੇ ਕੇਂਦਰਤ ਹੋਵੇਗਾ ‘ਮੇਲਾ ਗ਼ਦਰੀ ਬਾਬਿਆਂ ਦਾ’
ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਵਿੱਚ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ’ਚ ‘ਮੇਲਾ ਗ਼ਦਰੀ ਬਾਬਿਆਂ ਦਾ’ ਸਬੰਧੀ ਯੋਜਨਾਬੰਦੀ ਕੀਤੀ ਗਈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 30, 31 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਹੋਣ ਵਾਲਾ 34ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਸਾਮਰਾਜ, ਫਾਸ਼ੀਵਾਦ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਆਦਿਵਾਸੀਆਂ ਦੇ ਕਤਲੇਆਮ, ਉਜਾੜੇ, ਲੈਂਡ ਪੂਲਿੰਗ ਨੀਤੀ, ਔਰਤਾਂ ਦੀ ਸਮਾਜਿਕ ਬਰਾਬਰੀ, ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਆਜ਼ਾਦ ਤੇ ਖੁਸ਼ਹਾਲ ਨਵਾਂ ਨਰੋਆ ਸਮਾਜ ਸਿਰਜਣ ਲਈ ਲੋਕ ਸੰਗਰਾਮ ਜਾਰੀ ਰੱਖਣ ਦਾ ਪੈਗ਼ਾਮ ਦੇਣ ਨੂੰ ਪ੍ਰਣਾਇਆ ਹੋਵੇਗਾ। ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ (1925-2025) ਨੂੰ ਸਮਰਪਿਤ ਇਸ ਮੇਲੇ ਦੇ ਸਿਖਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਅਦਾ ਕਰਨਗੇ। ਇਸ ਉਪਰੰਤ ਦਰਜਨਾਂ ਕਲਾਕਾਰਾਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਰਕਸ਼ਾਪ ਲਗਾ ਕੇ ਤਿਆਰ ਕੀਤਾ ਓਪੇਰਾ ਰੂਪੀ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ ‘ਖਿੜਦੇ ਰਹਿਣਗੇ ਗ਼ਦਰੀ ਗੁਲਾਬ’ ਹੋਵੇਗਾ। ਤਿੰਨ ਰੋਜ਼ਾ ਮੇਲਾ 30 ਅਕਤੂਬਰ ਸ਼ਾਮ 4 ਵਜੇ ਸ਼ੁਰੂ ਹੋਵੇਗਾ ਤੇ ਇਸ ਦਿਨ ਹੀ ਕਲਾ ਅਤੇ ਫੋਟੋ ਪ੍ਰਦਰਸ਼ਨੀ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ 31 ਅਕਤੂਬਰ ਦਿਨ ਵੇਲੇ ਕੁਇੱਜ਼, ਗਾਇਨ, ਭਾਸ਼ਣ ਅਤੇ ਪੇਂਟਿੰਗ ਮੁਕਾਬਲਾ ਹੋਵੇਗਾ।