ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੜਗੱਜ ਵੱਲੋਂ ਸਿੱਖ ਮਾਮਲਿਆਂ ਬਾਰੇ ਗ੍ਰੰਥੀ ਸਾਹਿਬਾਨ ਨਾਲ ਮੀਟਿੰਗ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਮੀਡੀਆ ਨਾਲ ਖੁੱਲ੍ਹ ਕੇ ਨਾ ਕੀਤੀ ਗੱਲ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 2 ਜੁਲਾਈ

Advertisement

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਵੱਖ-ਵੱਖ ਧਾਰਮਿਕ ਮਾਮਲਿਆਂ ਨੂੰ ਵਿਚਾਰਨ ਲਈ ਗੈਰਰਸਮੀ ਮੀਟਿੰਗ ਕੀਤੀ। ਇਸ ਵਿੱਚ ਉਨ੍ਹਾਂ ਸਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਟੇਕ ਸਿੰਘ ਅਤੇ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਦੇ ਗ੍ਰੰਥੀ ਸਾਹਿਬਾਨ ਸ਼ਾਮਲ ਹੋਏ।

ਗਿਆਨੀ ਗੜਗੱਜ ਨੇ ਆਖਿਆ ਕਿ ਅੱਜ ਕੋਈ ਮੀਟਿੰਗ ਨਹੀਂ ਕੀਤੀ ਸਗੋਂ ਉਹ ਗੈਰਰਸਮੀ ਤੌਰ ’ਤੇ ਵਿਚਾਰ ਚਰਚਾ ਕਰਨ ਲਈ ਇਕੱਠੇ ਹੋਏ ਸਨ। ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ 15 ਦਿਨਾਂ ਵਿੱਚ ਆਪਣਾ ਸਪੱਸ਼ਟੀਕਰਨ ਦੇਣ ਬਾਰੇ ਦਿੱਤੇ ਗਏ ਪੱਤਰ ਸਬੰਧੀ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਵਿੱਚ ਸਮਾਂ ਬਾਕੀ ਹੈ ਅਤੇ ਸਮਾਂ ਪੂਰਾ ਹੋਣ ਤੋਂ ਬਾਅਦ ਹੀ ਇਸ ਬਾਰੇ ਕੁਝ ਆਖਣਗੇ। ਦੋ ਤਖ਼ਤਾਂ ਵਿਚਾਲੇ ਪੈਦਾ ਹੋਏ ਤਣਾਅ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਵੀ ਜਲਦੀ ਠੀਕ ਹੋ ਜਾਵੇਗਾ। ਉਨ੍ਹਾਂ ਮੀਡੀਆ ਨਾਲ ਗੱਲ ਕਰਨ ਤੋਂ ਸੰਕੋਚ ਕੀਤਾ। ਮਗਰੋਂ ਅਕਾਲ ਤਖ਼ਤ ਦੇ ਸਕੱਤਰੇਤ ਦੇ ਇੰਚਾਰਜ ਵੱਲੋਂ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਗਈ ਕਿ ਜਥੇਦਾਰ ਵੱਲੋਂ ਕੋਈ ਵੀ ਮੀਡੀਆ ਬਾਈਟ ਜਾਂ ਸੰਬੋਧਨ ਕਰਨਾ ਹੋਵੇਗਾ ਤਾਂ ਇਸ ਸਬੰਧੀ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਸੱਦਿਆ ਜਾਵੇਗਾ।

ਹਰਿਮੰਦਰ ਸਾਹਿਬ ਜਾਂ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਸਮੇਂ ਮੀਡੀਆ ਚੈਨਲਾਂ ਵੱਲੋਂ ਮਾਈਕ ਉਨ੍ਹਾਂ ਦੇ ਅੱਗੇ ਕੀਤੇ ਜਾਣ ਨਾਲ ਪ੍ਰੋਟੋਕੋਲ ਦੀ ਉਲੰਘਣਾ ਹੁੰਦੀ ਹੈ ਅਤੇ ਅਜਿਹਾ ਨਾ ਕੀਤਾ ਜਾਵੇ। ਇਸ ਦੌਰਾਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਅਕਾਲ ਤਖ਼ਤ ਤੋਂ ਭੇਜੇ ਗਏ ਪੱਤਰ ਵਿੱਚ ਆਖਿਆ ਗਿਆ ਹੈ ਕਿ ਦੀਵਾਨ ਦੇ ਪ੍ਰਬੰਧ ਅਤੇ ਅਹੁਦੇਦਾਰਾਂ ਖ਼ਿਲਾਫ ਅਕਾਲ ਤਖ਼ਤ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ। ਇਸ ਸਬੰਧ ਵਿੱਚ ਚੀਫ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਰਨੀ 15 ਦਿਨਾਂ ਵਿੱਚ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੁੱਜੇ। ਇਹ ਪੱਤਰ 20 ਜੂਨ ਨੂੰ ਜਾਰੀ ਕੀਤਾ ਗਿਆ ਸੀ।

Advertisement
Show comments