ਗੁਜਰਾਤ ਜੇਲ੍ਹ ’ਚ ਬੰਦ ਗੈਂਗਸਟਰ ਦੇ ਰਹੇ ਨੇ ਫ਼ਿਰੌਤੀ ਲਈ ਧਮਕੀਆਂ: ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵਿਰੋਧੀ ਧਿਰਾਂ ’ਤੇ ਸੂਬੇ ਦੀ ਕਾਨੂੰਨ ਵਿਵਸਥਾ ਵਿਗੜਨ ਦਾ ਵਾਰ-ਵਾਰ ਦਾਅਵਾ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਏ ਹਨ। ਸ੍ਰੀ ਪੰਨੂ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਭਾਜਪਾ ਸ਼ਾਸਤ ਸੂਬੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ’ਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ ਜਦੋਂ ਕਿ ਪੰਜਾਬ ਦੀ ਸਥਿਤੀ ਸਭ ਤੋਂ ਬਿਹਤਰ ਹੈ। ਜਨਤਕ ਸੁਰੱਖਿਆ ਲਈ ਅਸਲੀ ਖ਼ਤਰਾ ਉਨ੍ਹਾਂ ਸਿਆਸੀ ਤਾਕਤਾਂ ਤੋਂ ਹੈ ਜੋ ਗੈਂਗਸਟਰਾਂ ਦੀ ਸਰਗਰਮੀ ਨਾਲ ਮਦਦ ਕਰ ਰਹੀਆਂ ਹਨ। ਉਨ੍ਹਾਂ ਗੁਜਰਾਤ ਦੀ ਜੇਲ੍ਹ ਅੰਦਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਥਿਤ ਤੌਰ ’ਤੇ ਵਾਇਰਲ ਆਡੀਓ ਕਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਦੀ ਨਿਗਰਾਨੀ ਹੇਠ ਗੁਜਰਾਤ ਦੀ ਉੱਚ-ਸੁਰੱਖਿਤ ਜੇਲ੍ਹ ਵਿੱਚ ਬੰਦ ਗੈਂਗਸਟਰ ਖੁੱਲ੍ਹੇਆਮ ਫ਼ੋਨ ਕਰਕੇ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਸਰਕਾਰ ਦੀ ਦੇਖ ਰੇਖ ਹੇਠ ਚਲਾਈ ਜਾ ਰਹੀ ਜੇਲ੍ਹ ਦੇ ਅੰਦਰ ਗੈਂਗਸਟਰਾਂ ਦੀ ਮੋਬਾਈਲ ਫ਼ੋਨ ਤੱਕ ਪਹੁੰਚ ਕਿਵੇਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਨੇ ਹਾਲ ਹੀ ਵਿੱਚ ਆਪਣੇ ਸਾਬਕਾ ਸਾਥੀ ਦੇ ਕਤਲ ਤੋਂ ਪਹਿਲਾਂ ਵੀ ਧਮਕੀਆਂ ਦਿੱਤੀਆਂ ਸਨ। ਇਹ ਕਤਲ ਕਥਿਤ ਤੌਰ ’ਤੇ ਬਿਸ਼ਨੋਈ ਦੁਆਰਾ ਹੀ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ, “ਇਹ ਪੂਰੀ ਆਡੀਓ ਕਲਿੱਪ, ਜੋ ਸਵੇਰ ਤੋਂ ਹਰ ਨਿਊਜ਼ ਚੈਨਲ ’ਤੇ ਚੱਲ ਰਹੀ ਹੈ, ਭਾਜਪਾ ਦੀ ਕਾਰਜਸ਼ੈਲੀ ਨੂੰ ਬੇਨਕਾਬ ਕਰਦੀ ਹੈ ਕਿ ਕਿਵੇਂ ਵਪਾਰੀਆਂ, ਗਾਇਕਾਂ ਅਤੇ ਕਲਾਕਾਰਾਂ ਨੂੰ ਫ਼ੋਨ ਰਾਹੀਂ ਫਿਰੌਤੀ ਦੀਆਂ ਕਾਲਾਂ ਦੀ ਸਹੂਲਤ ਦੇ ਕੇ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।”
