ਪੁਲੀਸ ਮੁਕਾਬਲੇ ’ਚ ਗੈਂਗਸਟਰ ਜ਼ਖ਼ਮੀ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 8 ਜੁਲਾਈ
ਇੱਥੋਂ ਦੇ ਵੈਰੋਵਾਲ ਰੋਡ ’ਤੇ ਕਰਿਆਨਾ ਸਟੋਰ ’ਤੇ ਫਿਰੌਤੀ ਲਈ ਗੋਲੀਆਂ ਚਲਾ ਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਵਾਲੇ ਗੈਂਗਸਟਰ ਦਾ ਪੁਲੀਸ ਨਾਲ ਅੱਜ ਮੁਕਾਬਲਾ ਹੋਇਆ ਜਿਸ ਵਿੱਚ ਗੈਂਗਸਟਰ ਲੱਤ ਵਿੱਚ ਗੋਲੀ ਵੱਜਣ ਨਾਲ ਜ਼ਖਮੀ ਹੋ ਗਿਆ। ਡੀਐਸਪੀ ਰਾਵਿੰਦਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਉੱਪਰ ਸਥਿਤ ਸੁਰਿੰਦਰ ਕਰਿਆਨਾ ਸਟੋਰ ਦੇ ਮਾਲਕ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਫਿਰੌਤੀ ਨਾ ਮਿਲਣ ਦੀ ਸੂਰਤ ਵਿੱਚ ਕਰਿਆਨਾ ਸਟੋਰ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਕਾਰਨ ਦੁਕਾਨ ਵਿਚ ਸਾਮਾਨ ਛੱਡਣ ਆਇਆ ਇੱਕ ਵਿਅਕਤੀ ਜ਼ਖਮੀ ਹੋ ਗਿਆ। ਡੀਐਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤੇ ਇਸ ਗੋਲੀਬਾਰੀ ਵਿੱਚ ਸ਼ਾਮਲ ਤਿੰਨ ਜਣਿਆਂ ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਹਿਮਾਚਲ ਪ੍ਰਦੇਸ਼ ਤੋਂ ਕਾਬੂ ਕਰਕੇ ਲਿਆਂਦਾ ਗਿਆ। ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰਿਆਨਾ ਸਟੋਰ ਉੱਪਰ ਗੋਲੀ ਚਲਾਉਣ ਵਿੱਚ ਵਰਤਿਆ ਗਿਆ ਪਿਸਤੌਲ ਨੇੜਲੇ ਪਿੰਡ ਚੌਹਾਨ ਦੀ ਨਹਿਰ ਕੰਢੇ ਲੁਕਾ ਦਿੱਤਾ ਸੀ ਜਿਸ ਨੂੰ ਬਰਾਮਦ ਕਰਾਉਣ ਲਈ ਅੱਜ ਪੁਲੀਸ ਪਾਰਟੀ ਨਹਿਰ ਕਿਨਾਰੇ ਪਹੁੰਚੀ ਤਾਂ ਗੁਰਪ੍ਰੀਤ ਸਿੰਘ ਨੇ ਉੱਥੇ ਲੁਕਾ ਕੇ ਰੱਖਿਆ ਪਿਸਤੌਲ ਕੱਢ ਕੇ ਪੁਲੀਸ ਪਾਰਟੀ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਜਵਾਬੀ ਕਾਰਵਾਈ ਵਿਚ ਪੁਲੀਸ ਦੀ ਗੋਲੀ ਗੁਰਪ੍ਰੀਤ ਦੀ ਲੱਤ ਵਿੱਚ ਵੱਜੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਡੋਨੀ ਤੇ ਅਮਰ ਖੱਬੇ ਗਰੋਹ ਨਾਲ ਸਬੰਧਤ ਹਨ।