ਪੁਲੀਸ ਮੁਕਾਬਲੇ ’ਚ ਗੈਂਗਸਟਰ ਗੁਰਦੀਪ ਮਾਨਾ ਜ਼ਖ਼ਮੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਫਰਵਰੀ
ਸੀਆਈਏ ਪੁਲੀਸ ਮੋਗਾ ਵੱਲੋਂ ਹੈਰੋਇਨ ਤੇ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗੈਂਗਸਟਰ ਗੁਰਦੀਪ ਸਿੰਘ ਮਾਨਾ ਪੁਲੀਸ ਮੁਕਾਬਲੇ ’ਚ ਜ਼ਖ਼ਮੀ ਹੋ ਗਿਆ। ਪੁਲੀਸ ਦੀ ਟੀਮ ਗੈਂਗਸਟਰ ਨਾਲ ਹਥਿਆਰ ਬਰਾਮਦ ਕਰਨ ਗਈ ਸੀ। ਉੱਥੇ ਮੁਲਜ਼ਮ ਵੱਲੋਂ ਗੋਲੀਆਂ ਚਲਾਉਣ ਕਾਰਨ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ।
ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸੀਆਈਏ ਸਟਾਫ਼ ਪੁਲੀਸ ਨੇ ਗੈਂਗਸਟਰ ਗੁਰਦੀਪ ਸਿੰਘ ਮਾਨਾ ਵਾਸੀ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਨੂੰ ਕਾਬੂ ਕਰ ਕੇ ਉਸ ਦੀ ਗੱਡੀ ’ਚੋਂ 400 ਗ੍ਰਾਮ ਹੈਰੋਇਨ ਅਤੇ ਪਿਸਤੌਲ ਬਰਾਮਦ ਕੀਤਾ ਸੀ। ਇਸ ਦੌਰਾਨ ਉਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਐੱਸਪੀ (ਡੀ) ਡਾ. ਬਾਲ ਕ੍ਰਿਸ਼ਨ ਸਿੰਗਲਾ ਤੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਨੇ ਪੁਲੀਸ ਰਿਮਾਂਡ ਦੌਰਾਨ ਖ਼ੁਲਾਸਾ ਕੀਤਾ ਸੀ ਕਿ ਉਸ ਨੇ ਪਿੰਡ ਚੂਹੜ ਚੱਕ ਲਿੰਕ ਰੋਡ ਨੇੜੇ ਦਰੱਖ਼ਤ ਹੇਠ ਇੱਕ ਪਿਸਤੌਲ ਦੱਬਿਆ ਹੋਇਆ ਹੈ। ਏਐੱਸਆਈ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਮੁਲਜ਼ਮ ਨੂੰ ਲੈ ਕੇ ਇਹ ਹਥਿਆਰ ਬਰਾਮਦ ਕਰਨ ਲਈ ਗਈ ਸੀ। ਮੁਲਜ਼ਮ ਨੇ ਦੱਬਿਆ ਹੋਇਆ ਪਿਸਤੌਲ ਕੱਢ ਕੇ ਪੁਲੀਸ ਟੀਮ ’ਤੇ ਦੋ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਉਸ ਦੇ ਪੈਰ ’ਤੇ ਗੋਲੀ ਲੱਗੀ ਹੈ ਅਤੇ ਉਹ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸ੍ਰੀ ਗਾਂਧੀ ਨੇ ਦੱਸਿਆ ਕਿ ਗੈਂਗਸਟਰ ਮਾਨਾ ਖ਼ਿਲਾਫ਼ ਪੰਜਾਬ ਤੇ ਹਰਿਆਣਾ ’ਚ 42 ਕੇਸ ਦਰਜ ਹਨ। ਉਸ ਖ਼ਿਲਾਫ਼ ਹੁਣ ਮੋਗਾ ਪੁਲੀਸ ਨੇ ਦੋ ਹੋਰ ਕੇਸ ਦਰਜ ਕੀਤੇ ਹਨ। ਇੱਕ ਨਸ਼ਾ ਤਸਕਰੀ ਤੇ ਦੂਜਾ ਕੇਸ ਅੱਜ ਥਾਣਾ ਅਜੀਤਵਾਲ ਵਿੱਚ ਪੁਲੀਸ ਟੀਮ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ।