ਗੈਂਗਸਟਰ ਗੋਲਡੀ ਢਿੱਲੋਂ ਨੇ ਕਾਰੋਬਾਰੀ ਤੋਂ ਦੋ ਕਰੋੜ ਦੀ ਫ਼ਿਰੌਤੀ ਮੰਗੀ
ਪੁਲੀਸ ਵੱਲੋਂ ਦੋ ਖ਼ਿਲਾਫ਼ ਕੇਸ ਦਰਜ
Advertisement
ਇਸ ਸ਼ਹਿਰ ਦੇ ਕਾਰੋਬਾਰੀ ਤੋਂ ਗੈਂਗਸਟਰ ਗੋਲਡੀ ਢਿੱਲੋਂ ਨੇ ਦੋ ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗੀ ਹੈ। ਗੈਂਗਸਟਰ ਨੇ ਇਹ ਰਕਮ ਦੇਣ ਤੋਂ ਇਨਕਾਰ ਕਰਨ ’ਤੇ ਕਾਰੋਬਾਰੀ ਦੇ ਪਰਿਵਾਰ ਦੇ ਜੀਆਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ| ਇਸ ਤੋਂ ਪਹਿਲਾਂ ਵੀ ਇਲਾਕੇ ’ਚ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੋਂ ਫ਼ਿਰੌਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਟੀ ਦੀ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਰੋਬਾਰੀ ਨੇ ਦੱਸਿਆ ਕਿ ਉਸ ਦੇ ਮੋਬਾਈਲ ’ਤੇ ਹਫ਼ਤਾ ਪਹਿਲਾਂ ਅਣਜਾਣ ਨੰਬਰ ਤੋਂ ਫੋਨ ਕਾਲ ਆਈ ਸੀ| ਉਸ ਨੇ ਦੱਸਿਆ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਗੋਲਡੀ ਢਿੱਲੋਂ ਦੱਸਿਆ ਸੀ। ਪੀੜਤ ਨੇ ਦੱਸਿਆ ਕਿ ਉਸ ਨੇ ਦੋ ਕਰੋੜ ਦੀ ਫ਼ਿਰੌਤੀ ਦੀ ਗੱਲ ਸੁਣਦਿਆਂ ਹੀ ਕਾਲ ਕੱਟ ਦਿੱਤੀ ਸੀ। ਇਸ ਮਗਰੋਂ ਗੋਲਡੀ ਢਿੱਲੋਂ ਨੇ ਉਸ ਦੇ ਵੱਟਸਐਪ ’ਤੇ ਮੈਸੇਜ ਭੇਜ ਕੇ ਕਾਰੋਬਾਰੀ ਨੂੰ ਕਰੋੜ ਰੁਪਏ ਦੀ ਥਾਂ ’ਤੇ 50 ਲੱਖ ਰੁਪਏ ਦੇਣ ਲਈ ਕਿਹਾ| ਗੈਂਗਸਟਰ ਗੋਲਡੀ ਢਿੱਲੋਂ ਨੇ ਕਾਰੋਬਾਰੀ ਨੂੰ ਆਪਣੇ ਕਿਸੇ ਬੰਦੇ ਵੱਲੋਂ ਕਾਰੋਬਾਰੀ ਦੀ ਦੁਕਾਨ ਦੀ ਬਣਵਾਈ ਵੀਡੀਓ ਵੀ ਭੇਜੀ। ਵੀਡੀਓ ਬਣਾਉਣ ਵਾਲਾ ਕਾਰੋਬਾਰੀ ਦੀ ਦੁਕਾਨ ’ਤੇ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ’ਚ ਵੀ ਦਿਖਾਈ ਦੇ ਰਿਹਾ ਹੈ| ਥਾਣਾ ਸਿਟੀ ਦੇ ਏ ਐੱਸ ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਗੋਲਡੀ ਢਿੱਲੋਂ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ|
Advertisement
Advertisement